ਹੈਰੋਇਨ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਹਰਪ੍ਰੀਤ ਤਲਵਾੜ ਗ੍ਰਿਫ਼ਤਾਰ

ਹੈਰੋਇਨ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਹਰਪ੍ਰੀਤ ਤਲਵਾੜ ਗ੍ਰਿਫ਼ਤਾਰ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 13 ਸਤੰਬਰ 2021 ਨੂੰ ਮੁੰਦਰਾ ਪੋਰਟ ਤੋਂ ਲਗਭਗ 3000 ਕਿਲੋ ਹੈਰੋਇਨ ਦੀ ਜ਼ਬਤੀ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਨੇ 24 ਅਤੇ 25 ਜੂਨ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਛੇ ਟਿਕਾਣਿਆਂ 'ਤੇ ਤਲਾਸ਼ੀ ਮੁਹਿੰਮ ਚਲਾਈ ਅਤੇ ਦਿੱਲੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਤਲਵਾੜ ਨੂੰ ਗ੍ਰਿਫ਼ਤਾਰ ਕਰ ਲਿਆ। ਈਡੀ ਅਨੁਸਾਰ ਹਰਪ੍ਰੀਤ ਤਲਵਾੜ ਇਸ ਮਾਮਲੇ ਦਾ ਮੁੱਖ ਮੁਲਜ਼ਮ ਹੈ। ਉਸ ਨੂੰ 24 ਜੂਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਸ਼ੇਸ਼ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਅਦਾਲਤ ਵਿੱਚ ਰਿਮਾਂਡ ਲਈ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਅਗਸਤ 2022 ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੀ ਇਸੇ ਮਾਮਲੇ ਵਿੱਚ ਤਲਵਾੜ ਉਰਫ਼ ਕਬੀਰ ਤਲਵਾੜ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਈਡੀ ਨੇ ਦੱਸਿਆ ਕਿ ਤਲਵਾੜ ਦੀ ਗ੍ਰਿਫ਼ਤਾਰੀ ਉਸ ਦੇ ਟਿਕਾਣਿਆਂ, ਕਰਮਚਾਰੀਆਂ, ਵਪਾਰਕ ਸਹਿਯੋਗੀਆਂ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ 'ਤੇ ਕੀਤੀਆਂ ਗਈਆਂ ਤਲਾਸ਼ੀਆਂ ਤੋਂ ਬਾਅਦ ਕੀਤੀ ਗਈ। ਏਜੰਸੀ ਦਾ ਹੈੱਡਕੁਆਰਟਰ ਜਾਂਚ ਯੂਨਿਟ ਉਸ ਮਾਮਲੇ ਦੀ ਜਾਂਚ ਕਰ ਰਿਹਾ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਨੂੰ ਅਰਧ-ਪ੍ਰੋਸੈਸਡ ਟੈਲਕ (ਪੱਥਰ) ਦੇ ਅੰਦਰ ਲੁਕਾ ਕੇ ਭਾਰਤ ਲਿਆਂਦਾ ਗਿਆ ਸੀ। ਜਾਂਚ ਦੀ ਸ਼ੁਰੂਆਤ ਐਨਆਈਏ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967, ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸਿਜ਼ (ਐਨਡੀਪੀਐਸ) ਐਕਟ, 1985 ਅਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ 'ਤੇ ਕੀਤੀ ਗਈ ਸੀ। ਐਨਆਈਏ ਇਸ ਮਾਮਲੇ ਵਿੱਚ ਛੇ ਚਾਰਜਸ਼ੀਟਾਂ ਦਾਖ਼ਲ ਕਰ ਚੁੱਕੀ ਹੈ। ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਨੇ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਦੁਬਈ ਤੋਂ ਸੰਚਾਲਿਤ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ ਨਾਲ ਮਿਲੀਭੁਗਤ ਕੀਤੀ। ਇਸ ਸਿੰਡੀਕੇਟ ਨਾਲ ਪਾਕਿਸਤਾਨੀ ਆਈਐੱਸਆਈ ਏਜੰਟਾਂ, ਅਫ਼ਗਾਨ ਨਾਗਰਿਕਾਂ ਅਤੇ ਲੋੜੀਂਦੇ ਮੁਲਜ਼ਮ ਵਿਟਾਯਸ਼ ਕੋਸਰ ਉਰਫ਼ ਰਾਜੂ ਦੁਬਈ ਦੇ ਜੁੜੇ ਹੋਣ ਦਾ ਵੀ ਦੋਸ਼ ਹੈ, ਜਿਸ ਨੂੰ ਇਸ ਨੈੱਟਵਰਕ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ। ਜਾਂਚ ਵਿੱਚ ਇਹ ਵੀ ਦੋਸ਼ ਸਾਹਮਣੇ ਆਇਆ ਹੈ ਕਿ ਹਰਪ੍ਰੀਤ ਤਲਵਾੜ ਨੇ ਵਿਟਾਯਸ਼ ਕੋਸਰ ਨਾਲ ਮਿਲ ਕੇ ਅਰਧ-ਪ੍ਰੋਸੈਸਡ ਟੈਲਕ ਦੀ ਦਰਾਮਦ ਦੀ ਆੜ ਹੇਠ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ। ਜਾਂਚ ਏਜੰਸੀਆਂ ਦੇ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਿਕਰੀ ਤੋਂ ਪ੍ਰਾਪਤ ਕਰੀਬ 74 ਕਰੋੜ ਰੁਪਏ ਹਵਾਲਾ ਰਾਹੀਂ ਅਫ਼ਗਾਨਿਸਤਾਨ ਭੇਜੇ ਗਏ, ਜਿਨ੍ਹਾਂ ਨੂੰ ਅਤਿਵਾਦੀ ਗਤੀਵਿਧੀਆਂ ਲਈ ਵਰਤਣ ਦੇ ਦੋਸ਼ ਹਨ। ਈਡੀ ਦਾ ਕਹਿਣਾ ਹੈ ਕਿ ਤਸਕਰੀ ਸਿੰਡੀਕੇਟ ਲਈ ਕੀਤੀਆਂ ਗਈਆਂ ਸੇਵਾਵਾਂ ਦੇ ਬਦਲੇ ਤਲਵਾੜ ਨੂੰ ਸੁੱਕੇ ਮੇਵੇ, ਖਜੂਰ, ਅਤਰ ਅਤੇ ਹੋਰ ਵਿਦੇਸ਼ੀ ਵਸਤੂਆਂ ਬਿਨਾਂ ਭੁਗਤਾਨ ਦੇ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੋਂ ਹੋਈ ਕਮਾਈ ਵਿੱਚੋਂ ਨਕਦ ਰਕਮ ਵੀ ਦਿੱਤੀ ਜਾਂਦੀ ਸੀ। ਤਲਾਸ਼ੀ ਦੌਰਾਨ ਈਡੀ ਨੇ ਤਲਵਾੜ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਕੀਤੇ ਨਿਵੇਸ਼ਾਂ ਨਾਲ ਸੰਬੰਧਿਤ ਇਤਰਾਜ਼ਯੋਗ ਸਮੱਗਰੀ ਅਤੇ ਕਈ ਮਹੱਤਵਪੂਰਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ ਰੇਂਜ ਰੋਵਰ ਸਪੋਰਟ 3.0, ਟੋਇਟਾ ਫਾਰਚੂਨਰ, ਮਰਸਡੀਜ਼-ਬੈਂਜ਼ ਸੀਐਲਈ 300 ਅਤੇ ਕੀਆ ਸੈਲਟੋਸ ਸਮੇਤ ਚਾਰ ਲਗਜ਼ਰੀ ਵਾਹਨ ਵੀ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਦੀ ਕੁੱਲ ਅਨੁਮਾਨਿਤ ਕੀਮਤ ਕਰੀਬ ਦੋ ਕਰੋੜ ਰੁਪਏ ਦੱਸੀ ਗਈ ਹੈ। ਈਡੀ ਮੁਤਾਬਕ ਇਹ ਸਾਰੇ ਵਾਹਨ ਤਲਵਾੜ ਦੇ ਨਿਯੰਤਰਣ ਹੇਠ ਚੱਲ ਰਹੀਆਂ ਬੇਨਾਮੀ ਸੰਸਥਾਵਾਂ ਦੇ ਨਾਮ 'ਤੇ ਰਜਿਸਟਰਡ ਸਨ।