ਡਲਹੌਜ਼ੀ-ਮਨਾਲੀ ਰੂਟ ’ਤੇ ਵੱਡਾ ਹਾਦਸਾ, ਇਕੋ ਪਰਿਵਾਰ ਦੇ ਪੰਜ ਜਣਿਆਂ ਦੀ ਜਾਨ ਗਈ

ਡਲਹੌਜ਼ੀ-ਮਨਾਲੀ ਰੂਟ ’ਤੇ ਵੱਡਾ ਹਾਦਸਾ, ਇਕੋ ਪਰਿਵਾਰ ਦੇ ਪੰਜ ਜਣਿਆਂ ਦੀ ਜਾਨ ਗਈ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਗੁਜਰਾਤ ਦੇ ਇੱਕੋ ਪਰਿਵਾਰ ਨਾਲ ਸੰਬੰਧਿਤ ਪੰਜ ਸੈਲਾਨੀ ਅਤੇ ਗੱਡੀ ਦਾ ਡਰਾਈਵਰ ਸ਼ਾਮਲ ਹਨ। ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਚੌਵਾੜੀ ਉਪ ਮੰਡਲ ਦੇ ਕਾਕੀੜਾ ਨੇੜੇ ਲਹਰੂ-ਡਲਹੌਜ਼ੀ ਸੜਕ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਬਾਰਿਸ਼ ਅਤੇ ਘੁੱਪ ਹਨੇਰੇ ਕਾਰਨ ਸੈਲਾਨੀਆਂ ਨਾਲ ਭਰੀ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਲਲਿਤ ਭਾਈ ਫਤਨਾਨੀ, ਉਨ੍ਹਾਂ ਦੀ ਪਤਨੀ ਮਮਤਾ, ਪ੍ਰਿਅੰਕ ਕਨ੍ਹਈਆ ਲਾਲ, ਉਸ ਦੀ ਪਤਨੀ ਕਾਜਲ ਅਤੇ ਪੁੱਤਰ ਦਿਵਿਆਂਸ਼ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਗੱਡੀ ਚਲਾ ਰਿਹਾ ਜਸਵੰਤ, ਜੋ ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਦਾ ਰਹਿਣ ਵਾਲਾ ਸੀ, ਦੀ ਵੀ ਮੌਤ ਹੋ ਗਈ। ਚੰਬਾ ਦੇ ਪੁਲੀਸ ਕਪਤਾਨ ਵਿਜੇ ਕੁਮਾਰ ਸਕਲਾਨੀ ਨੇ ਦੱਸਿਆ ਕਿ ਸੈਲਾਨੀ ਡਲਹੌਜ਼ੀ ਤੋਂ ਮਨਾਲੀ ਵੱਲ ਜਾ ਰਹੇ ਸਨ। ਰਾਤ ਕਰੀਬ 3 ਤੋਂ 4 ਵਜੇ ਦੇ ਦਰਮਿਆਨ ਖ਼ਰਾਬ ਮੌਸਮ ਕਾਰਨ ਡਰਾਈਵਰ ਤੰਗ ਮੋੜ ’ਤੇ ਵਾਹਨ ਤੋਂ ਸੰਤੁਲਨ ਗੁਆ ਬੈਠਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਟਾਂਡਾ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦਰਦਨਾਕ ਘਟਨਾ ਨੇ ਸਥਾਨਕ ਲੋਕਾਂ ਅਤੇ ਸੈਲਾਨੀ ਵਰਗ ਵਿੱਚ ਗਹਿਰਾ ਦੁੱਖ ਪੈਦਾ ਕੀਤਾ ਹੈ।