ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪ੍ਰਦਰਸ਼ਨ 'ਚ ਬਾਹਰੀ ਅਨਸਰਾਂ ਦੀ ਘੁਸਪੈਠ ਗੰਭੀਰ ਚਿੰਤਾ ਦਾ ਵਿਸ਼ਾ: ਸੁਨੀਲ ਜਾਖੜ

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪ੍ਰਦਰਸ਼ਨ 'ਚ ਬਾਹਰੀ ਅਨਸਰਾਂ ਦੀ ਘੁਸਪੈਠ ਗੰਭੀਰ ਚਿੰਤਾ ਦਾ ਵਿਸ਼ਾ: ਸੁਨੀਲ ਜਾਖੜ

ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (LPU) ਵਿੱਚ ਵਾਪਰੀਆਂ ਹਾਲੀਆ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਉਂਦੀਆਂ ਇਸ ਦੇ ਪਿੱਛੇ ਲੁਕੇ ਸ਼ੱਕੀ ਤੱਤਾਂ ਦੀ ਪਛਾਣ ਲਈ ਰਾਸ਼ਟਰੀ ਜਾਂਚ ਏਜੰਸੀ (NIA) ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਜਾਖੜ ਨੇ ਸਵਾਲ ਚੁੱਕਿਆ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਾਹਰੀ ਹਥਿਆਰਬੰਦ ਲੋਕਾਂ ਦੀ ਘੁਸਪੈਠ ਤੋਂ ਬਾਅਦ ਅਚਾਨਕ ਸਥਿਤੀ ਕਿਵੇਂ ਭੜਕ ਗਈ, ਇਹ ਇੱਕ ਡੂੰਘੀ ਜਾਂਚ ਦਾ ਵਿਸ਼ਾ ਹੈ। ਬਾਹਰੀ ਅਤੇ ਅੰਦਰੂਨੀ ਤਾਕਤਾਂ ਦੀ ਪਛਾਣ ਜ਼ਰੂਰੀ ਸੁਨੀਲ ਜਾਖੜ ਨੇ ਆਖਿਆ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਆੜ ਵਿੱਚ ਇਹ ਕਿਤੇ ਕੋਈ ਰਾਜਨੀਤਕ ਰੰਜਿਸ਼ ਤਹਿਤ ਜਾਂ ਗੁਆਂਢੀ ਮੁਲਕ ਅਤੇ ਅਮਰੀਕਾ ਬੈਠੇ ਵੱਖਵਾਦੀਆਂ ਦੇ ਗੁਰਗਿਆਂ ਵੱਲੋਂ ਪੰਜਾਬ 'ਚ ਅੱਗ ਭੜਕਾਉਣ ਦੀ ਕੋਸ਼ਿਸ਼ ਤਾਂ ਨਹੀਂ? ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਤੇ ਗੰਭੀਰ ਮੁੱਦਾ ਹੈ। ਇਸ ਲਈ ਵਿਦਿਆਰਥੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਉਨ੍ਹਾਂ ਦੇ ਭਵਿੱਖ ਤੇ ਹਿੱਤਾਂ ਨੂੰ ਸੁਰੱਖਿਅਤ ਰੱਖਦੇ ਹੋਏ, ਇਸ ਘਟਨਾਕ੍ਰਮ ਅਤੇ ਇਸ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਦੀ ਐੱਨ.ਆਈ.ਏ. ਤੋਂ ਜਾਂਚ ਹੋਣੀ ਚਾਹੀਦੀ ਹੈ। 'ਆਪ' ਸਰਕਾਰ ਅਤੇ ਸਿਆਸੀ ਮਨਸੂਬਿਆਂ 'ਤੇ ਨਿਸ਼ਾਨਾ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਜਾਖੜ ਨੇ ਕਿਹਾ ਕਿ ਪਾਰਟੀ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਆ ਕੇ ਜਦੋਂ ਕੋਈ ਆਗੂ ਪਾਰਟੀ ਛੱਡ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਦਲੇਖ਼ੋਰੀ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇਸ ਲਈ ਇਸ ਗੱਲ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਘਟਨਾ ਪਿੱਛੇ ਆਈ.ਐੱਸ.ਆਈ. (ISI) ਤੇ ਅਮਰੀਕਾ ਬੈਠੇ ਵੱਖਵਾਦੀਆਂ ਦਾ ਹੱਥ ਹੈ ਜਾਂ ਫਿਰ ਸਿਆਸੀ ਲਾਹਾ ਲੈਣ ਲਈ ਪੰਜਾਬ ਦੀ ਹੀ ਕੋਈ ਧਿਰ ਸ਼ਾਮਲ ਹੈ। ਸਾਬਕਾ ਸੂਬਾ ਪ੍ਰਧਾਨ ਨੇ ਇਹ ਵੀ ਸਵਾਲ ਕੀਤਾ ਕਿ ਕਿਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਸਿਆਸੀ ਤੌਰ 'ਤੇ ਡਰੇ ਹੋਏ ਲੋਕਾਂ ਵੱਲੋਂ ਮਾਹੌਲ ਖ਼ਰਾਬ ਕਰਨ ਲਈ ਵਿਦਿਆਰਥੀਆਂ ਨੂੰ ਮੋਹਰਾ ਤਾਂ ਨਹੀਂ ਬਣਾਇਆ ਗਿਆ? ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਾਜ਼ਿਸ਼ਾਂ ਨੂੰ ਨੰਗਾ ਕਰਨ ਲਈ ਜਾਂਚ ਅਤੀ ਜ਼ਰੂਰੀ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਬਾਰੂਦ ਵਜੋਂ ਵਰਤਣ ਵਾਲੀਆਂ ਤਾਕਤਾਂ ਬੇਨਕਾਬ ਹੋ ਸਕਣ।