ਕੈਨੇਡਾ ਦੇ ਰੁਜ਼ਗਾਰ ਬਾਜ਼ਾਰ ਨੂੰ ਝਟਕਾ, ਅਗਸਤ ਵਿੱਚ 42 ਹਜ਼ਾਰ ਨੌਕਰੀਆਂ ਘਟੀਆਂ
- ਵਿਦੇਸ਼
- (Asia/Kolkata)
ਕੈਨੇਡਾ ਦੇ ਰੁਜ਼ਗਾਰ ਬਾਜ਼ਾਰ ਵਿੱਚ ਅਗਸਤ ਮਹੀਨੇ ਦੌਰਾਨ ਅਚਾਨਕ ਗਿਰਾਵਟ ਦਰਜ ਕੀਤੀ ਗਈ ਹੈ। ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ, ਅਗਸਤ ਵਿੱਚ ਦੇਸ਼ ਵਿੱਚ 42 ਹਜ਼ਾਰ ਨੌਕਰੀਆਂ ਘਟੀਆਂ ਹਨ। ਇਹ ਉਸ ਸਮੇਂ ਹੋਇਆ ਜਦੋਂ ਅਰਥਸ਼ਾਸਤਰੀਆਂ ਨੇ 15 ਹਜ਼ਾਰ ਨੌਕਰੀਆਂ ਵਧਣ ਦੀ ਉਮੀਦ ਜਤਾਈ ਸੀ। ਹਾਲਾਂਕਿ ਬੇਰੁਜ਼ਗਾਰੀ ਦਰ 6.4 ਫੀਸਦੀ ‘ਤੇ ਸਥਿਰ ਰਹੀ। ਅਪ੍ਰੈਲ ਤੋਂ ਜੁਲਾਈ ਤੱਕ ਕੈਨੇਡਾ ਵਿੱਚ ਇੱਕ ਲੱਖ 81 ਹਜ਼ਾਰ ਨੌਕਰੀਆਂ ਵਧੀਆਂ ਸਨ ਅਤੇ ਬੇਰੁਜ਼ਗਾਰੀ ਦਰ ਵਿੱਚ ਵੀ ਅੱਧਾ ਫੀਸਦੀ ਅੰਕ ਦੀ ਕਮੀ ਆਈ ਸੀ। ਪਰ ਅਗਸਤ ਦੇ ਅੰਕੜਿਆਂ ਨੇ ਇਸ ਮਜ਼ਬੂਤ ਰੁਝਾਨ ਨੂੰ ਝਟਕਾ ਦਿੱਤਾ ਹੈ। ਸਰਕਾਰੀ ਖੇਤਰ ਵਿੱਚ ਅਗਸਤ ਦੌਰਾਨ 20 ਹਜ਼ਾਰ ਅਹੁਦੇ ਘਟੇ, ਜਿਸ ਨਾਲ ਇਹ ਲਗਾਤਾਰ ਤੀਜਾ ਮਹੀਨਾ ਬਣ ਗਿਆ ਹੈ ਜਦੋਂ ਸਰਕਾਰੀ ਖੇਤਰ ਵਿੱਚ ਨੌਕਰੀਆਂ ਘਟੀਆਂ ਹਨ। ਇਸ ਦੇ ਉਲਟ, ਨਿਰਮਾਣ ਖੇਤਰ ਵਿੱਚ 22 ਹਜ਼ਾਰ ਨੌਕਰੀਆਂ ਦਾ ਵਾਧਾ ਹੋਇਆ। ਅਮਰੀਕਾ ਵੱਲੋਂ ਲਗਾਏ ਗਏ ਨਵੇਂ ਵਪਾਰਕ ਟੈਰਿਫਾਂ ਦੇ ਬਾਵਜੂਦ ਨਿਰਮਾਣ ਖੇਤਰ ਦਾ ਇਹ ਵਾਧਾ ਉਮੀਦ ਤੋਂ ਬਿਹਤਰ ਰਿਹਾ। ਮਜ਼ਦੂਰਾਂ ਦੀ ਤਨਖਾਹ ਵਿੱਚ ਵਾਧੇ ਦੀ ਰਫ਼ਤਾਰ ਵੀ ਹੌਲੀ ਹੋਈ ਹੈ। ਅਗਸਤ ਵਿੱਚ ਔਸਤ ਘੰਟਾਵਾਰ ਤਨਖਾਹ ਵਿੱਚ ਸਾਲਾਨਾ ਵਾਧਾ ਸਿਰਫ਼ 2 ਫੀਸਦੀ ਰਿਹਾ, ਜੋ ਜੁਲਾਈ ਵਿੱਚ 2.8 ਫੀਸਦੀ ਅਤੇ ਜੂਨ ਵਿੱਚ 3.3 ਫੀਸਦੀ ਸੀ। ਨੌਜਵਾਨਾਂ ਲਈ ਵੀ ਮਹੀਨਾ ਮੁਸ਼ਕਲ ਰਿਹਾ। 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿੱਚ 19 ਹਜ਼ਾਰ ਨੌਕਰੀਆਂ ਘਟੀਆਂ। ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਮਹੀਨੇ ਦੇ ਕਮਜ਼ੋਰ ਅੰਕੜਿਆਂ ਨੂੰ ਦੇਖ ਕੇ ਕੈਨੇਡਾ ਦੇ ਰੁਜ਼ਗਾਰ ਬਾਜ਼ਾਰ ਬਾਰੇ ਵੱਡਾ ਨਤੀਜਾ ਕੱਢਣਾ ਜਲਦਬਾਜ਼ੀ ਹੋਵੇਗੀ। ਹਾਲਾਂਕਿ ਨੌਕਰੀਆਂ ਵਿੱਚ ਗਿਰਾਵਟ ਅਤੇ ਤਨਖਾਹ ਵਾਧੇ ਦੀ ਹੌਲੀ ਰਫ਼ਤਾਰ ਆਰਥਿਕ ਵਿਕਾਸ ਦੇ ਮੰਦ ਪੈਣ ਵੱਲ ਇਸ਼ਾਰਾ ਕਰ ਰਹੀ ਹੈ। ਅਮਰੀਕਾ ਨਾਲ ਵਪਾਰਕ ਤਣਾਅ ਅਤੇ ਨਵੇਂ ਟੈਰਿਫਾਂ ਦੇ ਪ੍ਰਭਾਵ ਕਾਰਨ ਆਉਣ ਵਾਲੇ ਮਹੀਨਿਆਂ ਵਿੱਚ ਕੈਨੇਡਾ ਦੀ ਅਰਥਵਿਵਸਥਾ ‘ਤੇ ਹੋਰ ਦਬਾਅ ਪੈਣ ਦੀ ਸੰਭਾਵਨਾ ਹੈ।
Leave a Reply