ਦੁਵੱਲੀ ਸੁਰੱਖਿਆ ਲਈ ਸਾਂਝਾ ਵਰਕਪਲੈਨ ਅਪਣਾਉਣ ਦਾ ਫੈਸਲਾ
- ਵਿਦੇਸ਼
- (Asia/Kolkata)
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਹਾਲ ਹੀ ਵਿੱਚ ਕੈਨੇਡਾ ਦੀ ਰਾਜਧਾਨੀ ਓਟਵਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਕੈਨੇਡਾ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੁਲਾਕਾਤਾਂ ਕੀਤੀਆਂ। ਇਸ ਦੌਰੇ ਦਾ ਕੇਂਦਰ ਭਾਰਤ ਅਤੇ ਕੈਨੇਡਾ ਦਰਮਿਆਨ ਦੁਵੱਲੀ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ ਸੀ। ਓਟਵਾ ਵਿੱਚ ਡੋਭਾਲ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਡਿਪਟੀ ਕਲਰਕ ਅਤੇ ਨੈਸ਼ਨਲ ਸਿਕਿਊਰਿਟੀ ਤੇ ਇੰਟੈਲੀਜੈਂਸ ਐਡਵਾਈਜ਼ਰ ਨੈਟਲੀ ਡਰੂਇਅਨ ਨਾਲ ਮੀਟਿੰਗ ਕੀਤੀ। ਦੋਵਾਂ ਪੱਖਾਂ ਵਿਚਕਾਰ ਨਾਗਰਿਕਾਂ ਦੀ ਸੁਰੱਖਿਆ, ਰਾਸ਼ਟਰੀ ਸੁਰੱਖਿਆ ਅਤੇ ਲਾਅ ਐਨਫੋਰਸਮੈਂਟ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਹੋਇਆ। ਇਸ ਦੌਰਾਨ ਆਪਸੀ ਸਹਿਯੋਗ ਵਧਾਉਣ ਲਈ ਸਾਂਝਾ ਵਰਕਪਲੈਨ ਅਪਣਾਉਣ ‘ਤੇ ਸਹਿਮਤੀ ਪ੍ਰਗਟਾਈ ਗਈ। ਮੀਟਿੰਗ ਵਿੱਚ ਦੋਵੇਂ ਦੇਸ਼ਾਂ ਵੱਲੋਂ ਸੁਰੱਖਿਆ ਅਤੇ ਲਾਅ ਐਨਫੋਰਸਮੈਂਟ ਸੰਪਰਕ ਅਧਿਕਾਰੀ ਨਿਯੁਕਤ ਕਰਨ ‘ਤੇ ਵੀ ਰਜ਼ਾਮੰਦੀ ਬਣੀ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਨਸ਼ਿਆਂ ਦੀ ਗੈਰਕਾਨੂੰਨੀ ਸਮਗਲਿੰਗ, ਸੰਗਠਿਤ ਜੁਰਮ ਅਤੇ ਹੋਰ ਸਰਹੱਦ-ਪਾਰ ਅਪਰਾਧਾਂ ਸਬੰਧੀ ਜਾਣਕਾਰੀ ਸਾਂਝੀ ਕਰਨ ਵਿੱਚ ਸਹੂਲਤ ਮਿਲੇਗੀ ਅਤੇ ਦੁਵੱਲਾ ਸੰਚਾਰ ਹੋਰ ਪ੍ਰਭਾਵਸ਼ਾਲੀ ਬਣੇਗਾ। ਦੋਵਾਂ ਧਿਰਾਂ ਨੇ ਸਾਈਬਰ ਸੁਰੱਖਿਆ ਨੀਤੀਆਂ ਅਤੇ ਸਾਈਬਰ ਖ਼ਤਰਿਆਂ ਨਾਲ ਨਿਪਟਣ ਲਈ ਜਾਣਕਾਰੀ ਸਾਂਝੀ ਕਰਨ ਦਾ ਤਹੱਈਆ ਵੀ ਪ੍ਰਗਟਾਇਆ। ਇਸ ਤੋਂ ਇਲਾਵਾ ਫਰਾਡ, ਇਮੀਗ੍ਰੇਸ਼ਨ ਐਨਫੋਰਸਮੈਂਟ, ਘਰੇਲੂ ਕਾਨੂੰਨਾਂ ਅਤੇ ਕੌਮਾਂਤਰੀ ਜ਼ਿੰਮੇਵਾਰੀਆਂ ਸਬੰਧੀ ਸਹਿਯੋਗ ਜਾਰੀ ਰੱਖਣ ‘ਤੇ ਵੀ ਸਹਿਮਤੀ ਹੋਈ। ਅਜੀਤ ਡੋਭਾਲ ਨੇ ਆਪਣੇ ਦੌਰੇ ਦੌਰਾਨ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਆਨੰਦਾਸਾਂਗਰੀ ਨਾਲ ਵੀ ਮੁਲਾਕਾਤ ਕੀਤੀ, ਜਿਸ ਦੌਰਾਨ ਦੋਪੱਖੀ ਸੁਰੱਖਿਆ ਅਤੇ ਕਾਨੂੰਨੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕੀਤੀ ਗਈ।
Leave a Reply