ਮੌਤ ਦੇ ਮੂੰਹ ’ਚੋਂ ਵਾਪਸ ਆਇਆ ਗੁਰਕਰਨ, NDRF ਨੇ ਚਲਾਇਆ ਸਫਲ ਰੈਸਕਿਊ ਆਪ੍ਰੇਸ਼ਨ

ਮੌਤ ਦੇ ਮੂੰਹ ’ਚੋਂ ਵਾਪਸ ਆਇਆ ਗੁਰਕਰਨ, NDRF ਨੇ ਚਲਾਇਆ ਸਫਲ ਰੈਸਕਿਊ ਆਪ੍ਰੇਸ਼ਨ

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਸਮਾਨਾ ਵਿੱਚ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾ ਬੱਚੇ ਗੁਰਕਰਨ ਸਿੰਘ ਨੂੰ ਕਰੀਬ ਨੌਂ ਘੰਟੇ ਚੱਲੇ ਤੀਬਰ ਬਚਾਅ ਅਭਿਆਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਸਾਂਝੇ ਰੈਸਕਿਊ ਆਪ੍ਰੇਸ਼ਨ ਵਿੱਚ NDRF, SDRF, ਪੰਜਾਬ ਪੁਲੀਸ, ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਵਾਲੰਟੀਅਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਹੁਸ਼ਿਆਰਪੁਰ-ਦਸੂਹਾ ਰੋਡ ’ਤੇ ਭਿੱਖੋਵਾਲ ਨੇੜਲੇ ਪਿੰਡ ਚੱਕ ਸਮਾਨਾ ਵਿੱਚ ਵਾਪਰੀ। ਅਧਿਕਾਰੀਆਂ ਮੁਤਾਬਕ ਗੁਰਕਰਨ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ, ਜਦੋਂ ਉਹ ਇੱਕ ਨਵੇਂ ਪੁੱਟੇ ਗਏ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ। ਬੱਚਾ ਕਰੀਬ 20 ਤੋਂ 30 ਫੁੱਟ ਦੀ ਡੂੰਘਾਈ ’ਤੇ ਫਸ ਗਿਆ ਸੀ। ਬਚਾਅ ਟੀਮਾਂ ਨੇ ਰਾਤ ਕਰੀਬ 12.40 ਵਜੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਤੁਰੰਤ ਡਾਕਟਰੀ ਜਾਂਚ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਬਾਹਰ ਕੱਢੇ ਜਾਣ ਵੇਲੇ ਇੱਕ NDRF ਜਵਾਨ ਗੁਰਕਰਨ ਨੂੰ ਆਪਣੀਆਂ ਬਾਂਹਾਂ ਵਿੱਚ ਚੁੱਕ ਕੇ ਲੈ ਕੇ ਆਇਆ। ਬੱਚੇ ਦਾ ਚਿਹਰਾ ਮਿੱਟੀ ਨਾਲ ਲੱਥਪੱਥ ਸੀ, ਪਰ ਉਸ ਦੀ ਹਾਲਤ ਸਥਿਰ ਦੱਸੀ ਗਈ। ਬੱਚੇ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰੈਸਕਿਊ ਟੀਮਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਗਲਵਕੜੀਆਂ ਪਾਈਆਂ। ਪੂਰੇ ਬਚਾਅ ਕਾਰਜ ਦੌਰਾਨ ਮੌਕੇ ’ਤੇ ਭਾਵੁਕ ਮਾਹੌਲ ਬਣਿਆ ਰਿਹਾ। NDRF ਦੇ ਡਿਪਟੀ ਕਮਾਂਡੈਂਟ ਪੰਕਜ ਸ਼ਰਮਾ ਨੇ ਦੱਸਿਆ ਕਿ ਬਚਾਅ ਕਾਰਜ ਕਾਫੀ ਚੁਣੌਤੀਪੂਰਨ ਸੀ ਕਿਉਂਕਿ ਨਰਮ ਮਿੱਟੀ ਲਗਾਤਾਰ ਖਿਸਕ ਰਹੀ ਸੀ। ਉਨ੍ਹਾਂ ਕਿਹਾ ਕਿ ਸਾਰੇ ਬਚਾਅ ਕਰਮਚਾਰੀਆਂ ਨੇ ਬੇਹੱਦ ਸ਼ਲਾਘਾਯੋਗ ਯਤਨ ਕੀਤੇ ਅਤੇ ਬੱਚੇ ਦੀ ਹਾਲਤ ਸਥਿਰ ਹੈ। ਅਧਿਕਾਰੀਆਂ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਸ਼ਾਮ ਕਰੀਬ 4 ਵਜੇ ਪ੍ਰਸ਼ਾਸਨ ਸਰਗਰਮ ਹੋ ਗਿਆ ਸੀ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੋਰਵੈੱਲ ਹਾਲ ਹੀ ਵਿੱਚ ਚਾਲੂ ਕੀਤਾ ਗਿਆ ਸੀ ਅਤੇ ਇਸ ਦੇ ਆਲੇ-ਦੁਆਲੇ ਮਿੱਟੀ ਅਤੇ ਬਜਰੀ ਭਰਨ ਦਾ ਕੰਮ ਅਜੇ ਬਾਕੀ ਸੀ। ਰੈਸਕਿਊ ਟੀਮਾਂ ਨੇ ਸ਼ੁਰੂਆਤੀ ਪੜਾਅ ਵਿੱਚ ਬੱਚੇ ਦੀ ਸਥਿਤੀ ’ਤੇ ਨਜ਼ਰ ਰੱਖਣ ਲਈ ਬੋਰਵੈੱਲ ਵਿੱਚ ਕੈਮਰਾ ਅਤੇ ਆਕਸੀਜਨ ਪਾਈਪ ਹੇਠਾਂ ਉਤਾਰੇ। ਜੈਨ ਨੇ ਦੱਸਿਆ ਕਿ ਸ਼ੁਰੂ ਵਿੱਚ ਕੈਮਰੇ ਵਿੱਚ ਬੱਚੇ ਦੀ ਹਲਚਲ ਨਜ਼ਰ ਆ ਰਹੀ ਸੀ, ਜਿਸ ਨਾਲ ਟੀਮਾਂ ਨੂੰ ਸਥਿਤੀ ਦਾ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲੀ। ਹਾਲਾਂਕਿ ਕੁਝ ਸਮੇਂ ਬਾਅਦ ਬੋਰਵੈੱਲ ਦੇ ਅੰਦਰ ਨਰਮ ਮਿੱਟੀ ਡਿੱਗਣ ਕਾਰਨ ਕੈਮਰੇ ਰਾਹੀਂ ਨਿਗਰਾਨੀ ਕਰਨੀ ਮੁਸ਼ਕਲ ਹੋ ਗਈ, ਜਿਸ ਨਾਲ ਬਚਾਅ ਕਾਰਜ ਹੋਰ ਵੀ ਜਟਿਲ ਬਣ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚੇ ਤੱਕ ਪਹੁੰਚਣ ਲਈ ਬਚਾਅ ਕਰਮਚਾਰੀਆਂ ਨੇ ਬੋਰਵੈੱਲ ਦੇ ਨਾਲ-ਨਾਲ ਕਰੀਬ 25 ਤੋਂ 30 ਫੁੱਟ ਡੂੰਘਾ ਸਮਾਨਾਂਤਰ ਟੋਆ ਪੁੱਟਿਆ। ਇਸ ਤੋਂ ਬਾਅਦ ਬੱਚੇ ਤੱਕ ਸੁਰੱਖਿਅਤ ਪਹੁੰਚਣ ਲਈ ਇੱਕ ਤੰਗ ਸੁਰੰਗ ਬਣਾਈ ਗਈ। ਇਸ ਕਾਰਜ ਲਈ ਭਾਰੀ ਮਸ਼ੀਨਰੀ ਅਤੇ ਮਿੱਟੀ ਪੁੱਟਣ ਵਾਲੇ ਸਾਜ਼ੋ-ਸਾਮਾਨ ਦਾ ਪ੍ਰਬੰਧ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ। ਜੈਨ ਮੁਤਾਬਕ ਇਸ ਰੈਸਕਿਊ ਆਪ੍ਰੇਸ਼ਨ ਵਿੱਚ NDRF ਦੇ 40 ਤੋਂ ਵੱਧ ਜਵਾਨਾਂ ਨੇ ਹਿੱਸਾ ਲਿਆ। ਸੀਨੀਅਰ ਸੁਪਰਡੈਂਟ ਆਫ ਪੁਲਿਸ ਸੰਦੀਪ ਕੁਮਾਰ ਮਲਿਕ ਨੇ ਬਚਾਅ ਟੀਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੱਚੇ ਦੀ ਜਾਨ ਬਚਾਉਣ ਵਿੱਚ ਉਨ੍ਹਾਂ ਦੀ ਟੀਮਵਰਕ ਅਤੇ ਸਮਰਪਣ ਨੇ ਅਹਿਮ ਭੂਮਿਕਾ ਨਿਭਾਈ। ਪੰਜਾਬ ਦੇ ਮੰਤਰੀ ਰਵਜੋਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਵੀ ਪੂਰੇ ਬਚਾਅ ਅਭਿਆਨ ਦੌਰਾਨ ਮੌਕੇ ’ਤੇ ਮੌਜੂਦ ਰਹੇ ਅਤੇ ਕਾਰਵਾਈ ਦੀ ਨਿਗਰਾਨੀ ਕਰਦੇ ਰਹੇ।