ਧਰਮਕੋਟ: ਘਰੇਲੂ ਕਲੇਸ਼ ਨੇ ਵਿਆਹੁਤਾ ਦੀ ਜਾਨ ਲੈ ਲਈ, ਪਤੀ ਹਸਪਤਾਲ ‘ਚ ਲਾਸ਼ ਛੱਡ ਕੇ ਫ਼ਰਾਰ
- ਪੰਜਾਬ
- (Asia/Kolkata)
ਬਸੰਤ ਮਨਾ ਕੇ ਪੇਕੇ ਘਰੋਂ ਮੁੜੀ ਸੀ ਮ੍ਰਿਤਕਾ; ਪੁਲੀਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਧਰਮਕੋਟ ਦੇ ਫਤਿਹਪੁਰ ਬਸਤੀ ਇਲਾਕੇ ਵਿੱਚ ਘਰੇਲੂ ਕਲੇਸ਼ ਦੇ ਚੱਲਦਿਆਂ ਇੱਕ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜੋਤੀ ਪਤਨੀ ਨਵੀਨ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਬੀਤੀ ਰਾਤ ਪਤੀ-ਪਤਨੀ ਵਿਚਾਲੇ ਹੋਏ ਝਗੜੇ ਤੋਂ ਬਾਅਦ ਜੋਤੀ ਨੇ ਕੋਈ ਖ਼ਤਰਨਾਕ ਦਵਾਈ ਨਿਗਲ ਲਈ। ਤੜਕਸਾਰ ਜਦੋਂ ਹਾਲਤ ਵਿਗੜੀ ਤਾਂ ਪਤੀ ਉਸ ਨੂੰ ਸਰਕਾਰੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੋਗਾ ਲੈ ਗਿਆ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕਾ ਆਪਣੇ ਪਿੱਛੇ 10 ਸਾਲਾਂ ਦਾ ਪੁੱਤਰ ਛੱਡ ਗਈ ਹੈ। ਮ੍ਰਿਤਕਾ ਦੇ ਭਰਾ ਵਿਸ਼ੂ ਅਰੋੜਾ ਨੇ ਦੋਸ਼ ਲਾਇਆ ਕਿ ਉਸਦੀ ਭੈਣ ਦਾ ਜੀਜੇ ਨਾਲ ਅਕਸਰ ਝਗੜਾ ਰਹਿੰਦਾ ਸੀ। ਜੋਤੀ ਬਸੰਤ ਦਾ ਤਿਉਹਾਰ ਮਨਾ ਕੇ ਕੱਲ੍ਹ ਹੀ ਆਪਣੇ ਪੇਕੇ ਘਰ ਫਿਰੋਜ਼ਪੁਰ ਤੋਂ ਵਾਪਸ ਪਰਤੀ ਸੀ, ਪਰ ਉਸੇ ਰਾਤ ਇਹ ਭਾਣਾ ਵਰਤ ਗਿਆ। ਦੱਸਿਆ ਜਾ ਰਿਹਾ ਹੈ ਕਿ ਨਵੀਨ ਕੁਮਾਰ, ਜੋ ਚਿਕਨ ਕਾਰਨਰ ਚਲਾਉਂਦਾ ਹੈ, ਦਾ ਜੋਤੀ ਨਾਲ ਇਹ ਤੀਜਾ ਵਿਆਹ ਸੀ। ਕੇਸ ਦੇ ਤਫਤੀਸ਼ੀ ਅਫ਼ਸਰ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਿਵਲ ਹਸਪਤਾਲ ਮੋਗਾ ਵਿਖੇ ਮੌਜੂਦ ਹੈ ਅਤੇ ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Leave a Reply