RCMP ਦੀ ਸਖ਼ਤ ਚੇਤਾਵਨੀ: ਜਬਰਨ ਵਸੂਲੀ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ

RCMP ਦੀ ਸਖ਼ਤ ਚੇਤਾਵਨੀ: ਜਬਰਨ ਵਸੂਲੀ ਕਰਨ ਵਾਲੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ

ਬ੍ਰਿਟਿਸ਼ ਕੋਲੰਬੀਆ ਵਿੱਚ ਜਬਰਨ ਵਸੂਲੀ ਖਿਲਾਫ਼ ਪੁਲਿਸ ਦੀ ਸਖ਼ਤ ਮੁਹਿੰਮ ਜਾਰੀ ਹੈ। ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੌਨ ਬਰੂਅਰ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੁਲਿਸ ਜਬਰਨ ਵਸੂਲੀ ਕਰਨ ਵਾਲਿਆਂ ਦੀ “ਸਰਗਰਮੀ ਨਾਲ ਤਲਾਸ਼” ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਹਰ ਹਾਲਤ ਵਿੱਚ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।ਬਰੂਅਰ ਨੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਣ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਲੋਕ ਖੁਦ ਕਾਰਵਾਈ ਕਰਦੇ ਹਨ ਤਾਂ ਜਾਨਮਾਲ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਉਨ੍ਹਾਂ ਨੇ ਪੁਲਿਸ ਨੂੰ ਆਪਣਾ ਕੰਮ ਕਰਨ ਦਾ ਸਮਾਂ ਦਿੱਤਿਆਂ ਲੋਕਾਂ ਨੂੰ ਸੁਰੱਖਿਆ ਲਈ ਸਹਿਯੋਗ ਦੀ ਅਪੀਲ ਕੀਤੀ।ਇਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਹੀ ਸਰੀ ਵਿੱਚ 2026 ਦੀ 35ਵੀਂ ਜਬਰਨ ਵਸੂਲੀ ਨਾਲ ਜੁੜੀ ਘਟਨਾ ਵਾਪਰੀ ਸੀ, ਜਿਸ ਵਿੱਚ ਇੱਕ ਕਾਰੋਬਾਰ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇਕ ਮਾਮਲੇ ਵਿੱਚ ਪੀੜਤ ਵੱਲੋਂ ਵਾਪਸੀ ਗੋਲੀਬਾਰੀ ਹੋਈ ਸੀ, ਜਿਸ ਨਾਲ ਜਨਤਕ ਸੁਰੱਖਿਆ ਦੇ ਮਾਮਲੇ ਹੋਰ ਗੰਭੀਰ ਹੋ ਗਏ।ਬਰੂਅਰ ਨੇ ਦੱਸਿਆ ਕਿ ਜਬਰਨ ਵਸੂਲੀ ਨਾਲ ਨਿਪਟਣ ਲਈ ਸਤੰਬਰ 2025 ਵਿੱਚ ਸੂਬਾਈ ਟਾਸਕ ਫੋਰਸ ਬਣਾਈ ਗਈ ਸੀ, ਜਿਸ ਵਿੱਚ ਆਰਸੀਐਮਪੀ, ਮਿਉਂਸਿਪਲ ਪੁਲਿਸ ਅਤੇ ਸੀਬੀਐੱਸਏ ਮਿਲ ਕੇ ਕੰਮ ਕਰ ਰਹੇ ਹਨ। 17 ਸਤੰਬਰ 2025 ਤੋਂ ਹੁਣ ਤੱਕ ਟਾਸਕ ਫੋਰਸ 32 ਮਾਮਲਿਆਂ ‘ਤੇ ਕੰਮ ਕਰ ਚੁੱਕੀ ਹੈ। 100 ਤੋਂ ਵੱਧ ਅਦਾਲਤੀ ਮਨਜ਼ੂਰੀਆਂ, ਸੱਤ ਲੋਕਾਂ ਖਿਲਾਫ਼ ਦੋਸ਼ ਮਨਜ਼ੂਰ ਅਤੇ 9 ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਚੁੱਕਾ ਹੈ। ਇਸ ਦੌਰਾਨ 1,000 ਤੋਂ ਵੱਧ ਸਬੂਤ ਅਤੇ ਸੈਂਕੜਿਆਂ ਘੰਟਿਆਂ ਦੀ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਗਈ ਹੈ।ਬਰੂਅਰ ਨੇ ਸਾਫ਼ ਕੀਤਾ ਕਿ ਜਬਰਨ ਵਸੂਲੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਕਾਨੂੰਨ ਨੂੰ ਮਜ਼ਬੂਤ ਬਣਾਉਣ ਲਈ ਲੋਕਾਂ ਨੂੰ ਪੁਲਿਸ ‘ਤੇ ਭਰੋਸਾ ਰੱਖਣਾ ਚਾਹੀਦਾ ਹੈ।