ਚਿਰਾਗ ਵੀਰ ਸਿੰਘ ਸਰਾਓ ਨੇ ਰਚਿਆ ਇਤਿਹਾਸ, US Air Force Academy ਵਿੱਚ ਦਾਖ਼ਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਬਣੇ
- ਵਿਦੇਸ਼
- (Asia/Kolkata)
ਅਮਰੀਕਾ ਵਿੱਚ ਰਹਿੰਦੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਨੇ ਕੋਲੋਰੈਡੋ ਸਪ੍ਰਿੰਗਜ਼ ਸਥਿਤ ਵੱਕਾਰੀ ਯੂ.ਐੱਸ. ਏਅਰ ਫੋਰਸ ਅਕੈਡਮੀ (USAFA) ਵਿੱਚ ਦਾਖ਼ਲਾ ਲੈ ਕੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਇਤਿਹਾਸਕ ਉਪਲਬਧੀ ਦੀ ਅਧਿਕਾਰਤ ਪੁਸ਼ਟੀ ਅਮਰੀਕਨ ਸਿੱਖ ਕੌਂਸਲ ਵੱਲੋਂ ਕੀਤੀ ਗਈ ਹੈ। ਕੌਂਸਲ ਦੇ ਅਨੁਸਾਰ, ਚਿਰਾਗ ਵੀਰ ਸਿੰਘ ਸਰਾਓ ਨੂੰ 4 ਅਪਰੈਲ ਨੂੰ ਅਕੈਡਮੀ ਵਿੱਚ ਨਿਯੁਕਤੀ ਮਿਲੀ ਸੀ। ਲੰਬੀ ਪ੍ਰਕਿਰਿਆ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਵਿਸ਼ੇਸ਼ ਧਾਰਮਿਕ ਛੋਟ (Religious Accommodation) ਪ੍ਰਦਾਨ ਕੀਤੀ ਗਈ। ਇਸ ਮਨਜ਼ੂਰੀ ਦੇ ਤਹਿਤ ਉਹ ਆਪਣੀ ਸਿੱਖ ਪਛਾਣ ਨੂੰ ਕਾਇਮ ਰੱਖਦਿਆਂ ਅਨਕੱਟੇ ਕੇਸ, ਦਾੜ੍ਹੀ ਅਤੇ ਹੋਰ ਧਾਰਮਿਕ ਚਿੰਨ੍ਹਾਂ ਨਾਲ ਅਮਰੀਕੀ ਹਵਾਈ ਫੌਜ ਵਿੱਚ ਸੇਵਾ ਨਿਭਾ ਸਕਣਗੇ। ਚਿਰਾਗ ਵੀਰ ਸਿੰਘ ਸਰਾਓ ਨੇ 24 ਜੂਨ ਨੂੰ ਅਕੈਡਮੀ ਦੇ ਇਨ-ਪ੍ਰੋਸੈਸਿੰਗ ਡੇ (I-Day) ਮੌਕੇ ਅਧਿਕਾਰਤ ਤੌਰ 'ਤੇ ਅਕੈਡਮੀ ਵਿੱਚ ਦਾਖ਼ਲਾ ਲਿਆ। ਇਸ ਸਮੇਂ ਉਹ ਛੇ ਹਫ਼ਤਿਆਂ ਦੀ ਸਖ਼ਤ ਮੁੱਢਲੀ ਮਿਲਟਰੀ ਸਿਖਲਾਈ ਵਿੱਚ ਹਿੱਸਾ ਲੈ ਰਹੇ ਹਨ। ਅਕੈਡਮੀ ਵਿੱਚ ਚੋਣ ਤੋਂ ਪਹਿਲਾਂ ਵੀ ਚਿਰਾਗ ਨੇ ਆਪਣੀ ਯੋਗਤਾ ਦਾ ਲੋਹਾ ਮਨਵਾਇਆ ਸੀ। ਉਨ੍ਹਾਂ ਨੂੰ ਏਅਰ ਫੋਰਸ ਰਿਜ਼ਰਵ ਅਫਸਰਸ ਟ੍ਰੇਨਿੰਗ ਕੋਰ (ROTC) ਅਤੇ ਨੇਵਲ ROTC ਦੋਵਾਂ ਵੱਲੋਂ ਪੂਰੀ ਸਕਾਲਰਸ਼ਿਪ ਦੀ ਪੇਸ਼ਕਸ਼ ਮਿਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਸਦਰਨ ਕੈਲੀਫੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਰਗੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਦੀ ਪੇਸ਼ਕਸ਼ ਵੀ ਪ੍ਰਾਪਤ ਹੋਈ ਸੀ। ਅਮਰੀਕਨ ਸਿੱਖ ਕੌਂਸਲ ਨੇ ਦੱਸਿਆ ਕਿ ਚਿਰਾਗ ਦਾ ਅਕਾਦਮਿਕ ਰਿਕਾਰਡ ਬੇਹੱਦ ਸ਼ਾਨਦਾਰ ਰਿਹਾ ਹੈ। ਉਹ ਈਗਲ ਸਕਾਊਟ ਦਾ ਸਰਵਉੱਚ ਸਕਾਊਟਿੰਗ ਸਨਮਾਨ ਹਾਸਲ ਕਰ ਚੁੱਕੇ ਹਨ, ਤਾਇਕਵਾਂਡੋ ਵਿੱਚ ਸੈਕੰਡ-ਡਿਗਰੀ ਬਲੈਕ ਬੈਲਟ ਧਾਰਕ ਹਨ ਅਤੇ ਯੂਨੀਵਰਸਿਟੀ ਦੀ ਵਾਰਸਿਟੀ ਵਾਟਰ ਪੋਲੋ ਟੀਮ ਦਾ ਵੀ ਹਿੱਸਾ ਰਹੇ ਹਨ। ਜ਼ਿਕਰਯੋਗ ਹੈ ਕਿ ਕੋਲੋਰੈਡੋ ਸਪ੍ਰਿੰਗਜ਼ ਸਥਿਤ ਯੂਨਾਈਟਿਡ ਸਟੇਟਸ ਏਅਰ ਫੋਰਸ ਅਕੈਡਮੀ ਅਮਰੀਕਾ ਦੀਆਂ ਪੰਜ ਸੰਘੀ ਸੇਵਾ ਅਕੈਡਮੀਆਂ ਵਿੱਚੋਂ ਇੱਕ ਹੈ। ਇੱਥੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਨਾਲ-ਨਾਲ ਸਖ਼ਤ ਮਿਲਟਰੀ ਅਤੇ ਲੀਡਰਸ਼ਿਪ ਸਿਖਲਾਈ ਦਿੱਤੀ ਜਾਂਦੀ ਹੈ। ਅਕੈਡਮੀ ਤੋਂ ਗ੍ਰੈਜੂਏਟ ਹੋਣ ਵਾਲੇ ਕੈਡੇਟਾਂ ਨੂੰ ਅਮਰੀਕੀ ਹਵਾਈ ਫੌਜ (US Air Force) ਜਾਂ ਅਮਰੀਕੀ ਸਪੇਸ ਫੋਰਸ (US Space Force) ਵਿੱਚ ਸਿੱਧੇ ਸੈਕੰਡ ਲੈਫਟੀਨੈਂਟ ਵਜੋਂ ਨਿਯੁਕਤ ਕੀਤਾ ਜਾਂਦਾ ਹੈ।
Leave a Reply