ਚੋਣ ਕਮਿਸ਼ਨ ਦੇ ਨਵੇਂ ਨਿਯਮ ਦਾ ਕਾਂਗਰਸ ਨੇ ਕੀਤਾ ਵਿਰੋਧ

ਚੋਣ ਕਮਿਸ਼ਨ ਦੇ ਨਵੇਂ ਨਿਯਮ ਦਾ ਕਾਂਗਰਸ ਨੇ ਕੀਤਾ ਵਿਰੋਧ

ਨਵੀਂ ਦਿੱਲੀ :ਹੁਣ ਚੋਣਾਂ ਦੌਰਾਨ ਲਈਆਂ ਗਈਆਂ ਫ਼ੋਟੋਆਂ, ਸੀਸੀਟੀਵੀ ਫੁਟੇਜ, ਵੈੱਬਕਾਸਟਿੰਗ ਅਤੇ ਵੀਡੀਓ ਰਿਕਾਰਡਿੰਗਾਂ ਸਿਰਫ਼ 45 ਦਿਨਾਂ ਲਈ ਸੁਰੱਖਿਅਤ ਰੱਖੀਆਂ ਜਾਣਗੀਆਂ। ਇਸ ਤੋਂ ਬਾਅਦ ਸਾਰਾ ਡਾਟਾ ਨਸ਼ਟ ਕਰ ਦਿੱਤਾ ਜਾਵੇਗਾ। ਚੋਣ ਕਮਿਸ਼ਨ ਨੇ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਕਿਸੇ ਹਲਕੇ ਦੇ ਚੋਣ ਨਤੀਜੇ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਜਾਂਦੀ ਹੈ ਤਾਂ 45 ਦਿਨਾਂ ਬਾਅਦ ਇਹ ਸਾਰਾ ਡਾਟਾ ਨਸ਼ਟ ਕਰ ਦਿੱਤਾ ਜਾਵੇ।

ਇਹ ਫ਼ੈਸਲਾ ਫੁਟੇਜ ਦੀ ਦੁਰਵਰਤੋਂ ਅਤੇ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਜਾਣਕਾਰੀ ਫੈਲਣ ਤੋਂ ਰੋਕਣ ਲਈ ਲਿਆ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਹਾਲ ਹੀ ਵਿੱਚ ਕੁਝ ਗ਼ੈਰ-ਉਮੀਦਵਾਰਾਂ ਨੇ ਚੋਣ ਵੀਡੀਓਜ਼ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਗ਼ਲਤ ਬਿਰਤਾਂਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਵੋਟਰਾਂ ਵਿੱਚ ਭੰਬਲਭੂਸਾ ਪੈਦਾ ਹੋਇਆ।

ਕਾਂਗਰਸ ਨੇ ਕਮਿਸ਼ਨ ਦੇ ਇਸ ਨਿਯਮ ਦਾ ਵਿਰੋਧ ਕੀਤਾ ਹੈ। ਪਾਰਟੀ ਨੇ ਕਿਹਾ ਕਿ ਪਹਿਲਾਂ ਇਸ ਡੇਟਾ ਨੂੰ ਇੱਕ ਸਾਲ ਲਈ ਸੁਰੱਖਿਅਤ ਰੱਖਿਆ ਜਾਂਦਾ ਸੀ ਤਾਂ ਜੋ ਲੋਕਤੰਤਰੀ ਪ੍ਰਣਾਲੀ ਵਿੱਚ ਕਿਸੇ ਵੀ ਸਮੇਂ ਇਸਦੀ ਜਾਂਚ ਕੀਤੀ ਜਾ ਸਕੇ। ਕਮਿਸ਼ਨ ਦਾ ਇਹ ਨਿਯਮ ਪੂਰੀ ਤਰ੍ਹਾਂ ਲੋਕਤੰਤਰ ਦੇ ਵਿਰੁੱਧ ਹੈ। ਇਸਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। 

ਪਾਰਟੀ ਨੇ ਕਿਹਾ ਕਿ ਚੋਣ ਕਮਿਸ਼ਨ ਅਤੇ ਮੋਦੀ ਸਰਕਾਰ ਮਿਲ ਕੇ ਲੋਕਤੰਤਰੀ ਪ੍ਰਣਾਲੀ ਨੂੰ ਤਬਾਹ ਕਰਨ ਵਿੱਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਦਸੰਬਰ ਵਿੱਚ, 24 ਘੰਟਿਆਂ ਦੇ ਅੰਦਰ, ਨਵੇਂ ਨਿਯਮ ਬਣਾਏ ਗਏ ਸਨ ਅਤੇ ਚੋਣ ਦਸਤਾਵੇਜ਼ਾਂ ਅਤੇ ਵੀਡੀਓ ਰਿਕਾਰਡਿੰਗਾਂ ਨੂੰ ਜਨਤਾ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਗਿਆ ਸੀ। ਹੁਣ ਇਹ ਨਵਾਂ ਨਿਯਮ ਲਿਆਂਦਾ ਗਿਆ ਹੈ, ਜਿਸ ਵਿੱਚ ਚੋਣ ਰਿਕਾਰਡ ਖੁਦ ਹੀ ਮਿਟਾ ਦਿੱਤਾ ਜਾਵੇਗਾ। ਇਹ ਨਿਯਮ ਪੂਰੀ ਤਰ੍ਹਾਂ ਲੋਕਤੰਤਰ ਦੇ ਵਿਰੁੱਧ ਹੈ। ਕਮਿਸ਼ਨ ਨੂੰ ਇਸਨੂੰ ਵਾਪਸ ਲੈਣਾ ਚਾਹੀਦਾ ਹੈ।

#CongressVsEC #ElectionCommissionRules #NewElectionRules #DemocracyInDanger #PoliticalNews #IndiaPolitics #CongressProtest #ElectionReforms #VoterRights #FreeAndFairElections