ਰੀਅਲ ਕਸ਼ਮੀਰ ਐੱਫ.ਸੀ. ਨੇ ਡੈਂਪੋ ਐੱਸ.ਸੀ. ਨੂੰ 3-1 ਨਾਲ ਹਰਾ ਕੇ ਦਰਜ ਕੀਤੀ ਸੀਜ਼ਨ ਦੀ ਪਹਿਲੀ ਜਿੱਤ, ਸੁਸਨਾਤਾ ਮਲਿਕ ‘ਮੈਨ ਆਫ਼ ਦਿ ਮੈਚ’
- ਖੇਡਾਂ
- (Asia/Kolkata)
ਰੀਅਲ ਕਸ਼ਮੀਰ ਐੱਫ.ਸੀ. ਨੇ ਸੋਮਵਾਰ ਨੂੰ ਸ੍ਰੀਨਗਰ ਦੇ ਟੀ.ਆਰ.ਸੀ. ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਦੌਰਾਨ ਸ਼ਾਨਦਾਰ ਲੈਅ ਵਿੱਚ ਚੱਲ ਰਹੀ ਡੈਂਪੋ ਐੱਸ.ਸੀ. ਨੂੰ 3-1 ਨਾਲ ਮਾਤ ਦੇ ਕੇ ਸਟਾਰ ਸੀਮਿੰਟ ਇੰਡੀਅਨ ਫੁਟਬਾਲ ਲੀਗ 2026-27 ਸੀਜ਼ਨ ਦੀ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਮੇਜ਼ਬਾਨ ਟੀਮ ‘ਸਨੋਅ ਲੈਪਰਡਜ਼’ ਲਈ ਰੋਹੇਨ ਸਿੰਘ, ਅਲੇਨ ਅਯੇਂਗਾ ਅਤੇ ਮਾਰਕਸ ਜੋਸਫ਼ ਨੇ ਗੋਲ ਕੀਤੇ, ਜਦੋਂਕਿ ਡੈਂਪੋ ਵੱਲੋਂ ਇਕਲੌਤਾ ਗੋਲ ਰੋਲਿਨ ਬੋਰਜੇਸ ਨੇ ਦਾਗ਼ਿਆ। ਇਸ ਜਿੱਤ ਨਾਲ ਰੀਅਲ ਕਸ਼ਮੀਰ ਪੰਜ ਅੰਕਾਂ ਸਮੇਤ ਅੰਕ ਸੂਚੀ ਵਿੱਚ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦੋਂਕਿ ਡੈਂਪੋ ਨੌਂ ਅੰਕਾਂ ਨਾਲ ਦੂਜੇ ਸਥਾਨ ’ਤੇ ਕਾਇਮ ਹੈ। ਸ਼ਾਨਦਾਰ ਬਚਾਅ ਕਰਨ ਵਾਲੇ ਰੀਅਲ ਕਸ਼ਮੀਰ ਦੇ ਗੋਲਕੀਪਰ ਸੁਸਨਾਤਾ ਮਲਿਕ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ। ਮੇਜ਼ਬਾਨ ਟੀਮ ਨੇ ਧਮਾਕੇਦਾਰ ਸ਼ੁਰੂਆਤ ਕਰਦਿਆਂ 19ਵੇਂ ਮਿੰਟ ਵਿੱਚ ਲਾਲਾਵਮਪੁਈਆ ਸੈਲੋ ਦੇ ਪਾਸ ’ਤੇ ਰੋਹੇਨ ਸਿੰਘ ਦੇ ਗੋਲ ਸਦਕਾ ਲੀਡ ਬਣਾਈ। 23ਵੇਂ ਮਿੰਟ ਵਿੱਚ ਕਪਤਾਨ ਮਾਰਕਸ ਜੋਸਫ਼ ਦਾ ਸ਼ਾਟ ਡੈਂਪੋ ਦੇ ਗੋਲਕੀਪਰ ਸੁਭਜੀਤ ਭੱਟਾਚਾਰੀਆ ਨੇ ਰੋਕ ਲਿਆ, ਪਰ 33ਵੇਂ ਮਿੰਟ ਵਿੱਚ ਸ਼ਾਰਟ ਕਾਰਨਰ ਮੌਕੇ ਅਲੇਨ ਅਯੇਂਗਾ ਨੇ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਹਾਲਾਂਕਿ, ਦੋ ਮਿੰਟ ਬਾਅਦ ਹੀ ਲਕਸ਼ਮਣਰਾਓ ਰਾਣੇ ਦੇ ਕਰਾਸ ’ਤੇ ਰੋਲਿਨ ਬੋਰਜੇਸ ਨੇ ਗੋਲ ਕਰਦਿਆਂ ਡੈਂਪੋ ਲਈ ਫ਼ਰਕ 2-1 ਕਰ ਦਿੱਤਾ। ਦੂਜੇ ਹਾਫ਼ ਵਿੱਚ ਡੈਂਪੋ ਨੇ ਬਰਾਬਰੀ ਕਰਨ ਲਈ ਲਗਾਤਾਰ ਦਬਾਅ ਬਣਾਇਆ। 54ਵੇਂ ਮਿੰਟ ਵਿੱਚ ਬੋਰਜੇਸ ਦੀ ਫ਼ਰੀ-ਕਿੱਕ ਅਤੇ 58ਵੇਂ ਮਿੰਟ ਵਿੱਚ ਕਪਤਾਨ ਰਿਚਮੰਡ ਓਵੁਸੂ ਦੇ ਕਰਾਸ ’ਤੇ ਬੋਰਜੇਸ ਦੇ ਹੈਡਰ ਨੂੰ ਗੋਲਕੀਪਰ ਸੁਸਨਾਤਾ ਮਲਿਕ ਨੇ ਬਾਖ਼ੂਬੀ ਨਾਕਾਮ ਕੀਤਾ। 70ਵੇਂ ਮਿੰਟ ਵਿੱਚ ਅਲੇਨ ਅਯੇਂਗਾ ਨੇ ਅਰਨੋਲਡ ਓਲੀਵੀਰਾ ਦਾ ਸ਼ਾਟ ਰੋਕਿਆ, ਜਦੋਂਕਿ 80ਵੇਂ ਮਿੰਟ ਵਿੱਚ ਡੈਂਪੋ ਦੇ ਗੋਲਕੀਪਰ ਸੁਭਜੀਤ ਨੇ ਸੈਲੋ ਅਤੇ ਜੋਸਫ਼ ਦੇ ਹਮਲੇ ਬੇਅਸਰ ਕਰ ਦਿੱਤੇ।
Leave a Reply