ਨਾਭਾ-ਅਮਲੋਹ ਸੜਕ ’ਤੇ ਭਿਆਨਕ ਹਾਦਸਾ, ਟਿੱਪਰ-ਬੱਸ-ਮੋਟਰਸਾਈਕਲ ਦੀ ਟੱਕਰ ਵਿੱਚ 2 ਦੀ ਮੌਤ
- ਪੰਜਾਬ
- (Asia/Kolkata)
ਅੱਜ ਸਵੇਰੇ ਨਾਭਾ-ਅਮਲੋਹ ਮੁੱਖ ਮਾਰਗ ’ਤੇ ਪਿੰਡ ਲੁਬਾਣਾ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਤੇਜ਼ ਰਫ਼ਤਾਰ ਟਿੱਪਰ, ਨਿੱਜੀ ਬੱਸ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਪਿੰਡ ਲੁਬਾਣਾ ਦੇ ਹੀ ਵਸਨੀਕ ਸਨ। ਚਸ਼ਮਦੀਦਾਂ ਦੇ ਮੁਤਾਬਕ ਸਵੇਰੇ ਸੰਘਣੀ ਧੁੰਦ ਹੋਣ ਕਾਰਨ ਦਿੱਖ ਘੱਟ ਸੀ। ਇਸ ਦੌਰਾਨ ਟਿੱਪਰ ਚਾਲਕ ਨੇ ਮੋਟਰਸਾਈਕਲ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਵਾਹਨ ਨੂੰ ਮੋੜਿਆ, ਪਰ ਵਾਹਨ ਸਾਹਮਣੇ ਤੋਂ ਆ ਰਹੀ ਬੱਸ ਨਾਲ ਸਿੱਧਾ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਿੱਪਰ ਅਤੇ ਬੱਸ ਦਾ ਅੱਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਰਾਹੀਂ ਮਦਦ ਲਈ ਐਲਾਨ ਕਰਵਾਇਆ। ਇਸ ਤੋਂ ਬਾਅਦ ਲੋਕ ਮੌਕੇ ’ਤੇ ਪਹੁੰਚੇ ਅਤੇ ਜੇਸੀਬੀ ਅਤੇ ਟਰੈਕਟਰਾਂ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲੀਸ ਚੌਕੀ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਟਿੱਪਰ ਅਤੇ ਬੱਸ ਚਾਲਕ ਸਮੇਤ ਕਈ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਨਾਭਾ, ਪਟਿਆਲਾ ਅਤੇ ਭਾਦਸੋਂ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
Leave a Reply