ਕਬੀਰ ਸਾਹਿਬ ਜੀ ਦੇ ਨਿਰਵਾਣ ਦਿਵਸ ਸਮਾਗਮ ਦੇ ਦੂਜੇ ਦਿਨ ਦਹੇਜ ਰਹਿਤ ਵਿਆਹ ਤੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

ਕਬੀਰ ਸਾਹਿਬ ਜੀ ਦੇ ਨਿਰਵਾਣ ਦਿਵਸ ਸਮਾਗਮ ਦੇ ਦੂਜੇ ਦਿਨ ਦਹੇਜ ਰਹਿਤ ਵਿਆਹ ਤੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ

ਸੰਗਰੂਰ, (ਜਗਸੀਰ ਲੌਂਗੋਵਾਲ)-ਬੰਦੀ ਛੋੜ ਭਗਤੀ ਮੁਕਤੀ ਟਰੱਸਟ ਵਲੋਂ ਪੂਰਣ ਬ੍ਰਹਮ ਕਬੀਰ ਸਾਹਿਬ ਜੀ ਦੇ 508ਵੇਂ ਨਿਰਵਾਣ ਦਿਵਸ ਸਬੰਧੀ ਸਤਲੋਕ ਆਸ਼ਰਮ ਧੂਰੀ ਜਿਲ੍ਹਾ ਸੰਗਰੂਰ ਵਿਖੇ ਚੱਲ ਰਹੇ ਵਿਸ਼ਾਲ ਸਮਾਗਮ ਦੇ ਦੂਜੇ ਦਿਨ ਸਮਾਜਕ ਸੇਵਾ ਅਤੇ ਸੁਧਾਰ ਨੂੰ ਸਮਰਪਿਤ ਕਈ ਮਹੱਤਵਪੂਰਨ ਕਾਰਜ ਕਰਵਾਏ ਗਏ। ਇਸ ਮੌਕੇ ਦਹੇਜ ਅਤੇ ਆਡੰਬਰ ਰਹਿਤ ਵਿਆਹ ਆਯੋਜਿਤ ਕੀਤੇ ਗਏ, ਜੋ ਸਮਾਜ ਵਿੱਚ ਬਰਾਬਰੀ, ਸਾਦਗੀ ਅਤੇ ਬੁਰਾਈਆਂ ਦੇ ਖਾਤਮੇ ਦਾ ਮਜ਼ਬੂਤ ਸੰਦੇਸ਼ ਦੇ ਰਹੇ ਸਨ। ਸਮਾਗਮ ਦੌਰਾਨ ਮਿੱਤਲ ਹੈਲਥ ਕੇਅਰ ਸੈਂਟਰ ਸੰਗਰੂਰ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ਸੇਵਾਦਾਰਾਂ ਅਤੇ ਸੰਗਤਾਂ ਵੱਲੋਂ ਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 81 ਯੂਨਿਟ ਖੂਨਦਾਨ ਕੀਤਾ ਗਿਆ। ਪ੍ਰਬੰਧਕਾਂ ਅਨੁਸਾਰ ਇਹ ਖੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਵੱਲ ਇੱਕ ਅਹੰਕਾਰਪੂਰਕ ਕਦਮ ਹੈ। ਸੰਗਤਾਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਪ੍ਰਬੰਧਕਾਂ ਵੱਲੋਂ ਸੰਗਤ ਨੂੰ ਜ਼ਿਲ੍ਹਾਵਾਰ ਬੁਲਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਮੌਕੇ ਲਗਾਈ ਗਈ ਅਧਿਆਤਮਿਕ ਪ੍ਰਦਰਸ਼ਨੀ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। ਪ੍ਰਦਰਸ਼ਨੀ ਵਿੱਚ ਅਧਿਆਤਮਿਕ ਗਿਆਨ ਅਤੇ ਪੂਰਣ ਬ੍ਰਹਮ ਕਬੀਰ ਸਾਹਿਬ ਜੀ ਦੀ ਜੀਵਨੀ ਨੂੰ ਸੁੰਦਰ ਅਤੇ ਅਰਥਪੂਰਨ ਚਿੱਤਰਾਂ ਰਾਹੀਂ ਦਰਸਾਇਆ ਗਿਆ ਹੈ। ਨਾਲ ਹੀ ਸਾਰੇ ਪਵਿੱਤਰ ਸਦਗ੍ਰੰਥ ਵੀ ਸੰਗਤਾਂ ਦੇ ਅਧਿਐਨ ਲਈ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਲੋਕ ਸੱਚੇ ਆਧਿਆਤਮਿਕ ਗਿਆਨ ਨਾਲ ਜਾਣੂ ਹੋ ਰਹੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸਮਾਗਮ ਧਾਰਮਿਕ ਆਸਥਾ ਦੇ ਨਾਲ-ਨਾਲ ਸਮਾਜਕ ਬਦਲਾਅ, ਮਨੁੱਖਤਾ ਦੀ ਸੇਵਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵੱਲ ਇੱਕ ਪ੍ਰੇਰਕ ਉਪਰਾਲਾ ਹੈ।