ਸੋਸ਼ਲ ਮੀਡੀਆ 'ਤੇ ਛਾਈ 50 ਸਾਲ ਪੁਰਾਣੀ ਦੋਸਤੀ: ਰਾਕੇਸ਼ ਨਾਗਰ ਨੇ ਸਾਂਝੇ ਕੀਤੇ ਬਚਪਨ ਦੇ ਯਾਰਾਂ ਨਾਲ ਪੁਰਾਣੇ ਸਕੂਲ ਮੁੜਨ ਦੇ ਖ਼ਾਸ ਪਲ

ਸੋਸ਼ਲ ਮੀਡੀਆ 'ਤੇ ਛਾਈ 50 ਸਾਲ ਪੁਰਾਣੀ ਦੋਸਤੀ: ਰਾਕੇਸ਼ ਨਾਗਰ ਨੇ ਸਾਂਝੇ ਕੀਤੇ ਬਚਪਨ ਦੇ ਯਾਰਾਂ ਨਾਲ ਪੁਰਾਣੇ ਸਕੂਲ ਮੁੜਨ ਦੇ ਖ਼ਾਸ ਪਲ

ਕੁਝ ਪਲ ਅਤੇ ਯਾਦਾਂ ਜ਼ਿੰਦਗੀ ਵਿੱਚ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ’ਤੇ ਸਮੇਂ ਦੀ ਧੂੜ ਵੀ ਆਪਣਾ ਅਸਰ ਨਹੀਂ ਛੱਡ ਸਕਦੀ। ਅਜਿਹਾ ਹੀ ਇੱਕ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਮੰਜ਼ਰ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕਰੀਬ 50 ਸਾਲਾਂ ਬਾਅਦ ਬਚਪਨ ਦੇ ਦੋਸਤ ਮੁੜ ਇੱਕ-ਦੂਜੇ ਦੇ ਸਾਹਮਣੇ ਆਏ। ਸਾਲ 1976 ਬੈਚ ਦੇ ਇਨ੍ਹਾਂ ਪੁਰਾਣੇ ਸਾਥੀਆਂ ਨੇ ਨਾ ਸਿਰਫ਼ ਆਪਣੇ ਪੁਰਾਣੇ ਸਕੂਲ ਦੀਆਂ ਜਮਾਤਾਂ ਵਿੱਚ ਫੇਰੀ ਪਾਈ, ਸਗੋਂ ਬਚਪਨ ਦੀਆਂ ਖੇਡਾਂ ਖੇਡ ਕੇ ਅਤੇ ਪੁਰਾਣੀਆਂ ਸ਼ਰਾਰਤਾਂ ਨੂੰ ਚੇਤੇ ਕਰਕੇ ਸੁਨਹਿਰੀ ਦਿਨਾਂ ਨੂੰ ਮੁੜ ਜੀਵਿਆ। ਦੋਸਤਾਂ ਦੇ ਇਸ ਭਾਵੁਕ ਮਿਲਣ ਦੀ ਵੀਡੀਓ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਆਪਣੇ ਸਕੂਲ ਦੇ ਦਿਨਾਂ ਦੀ ਯਾਦ ਦਿਵਾ ਦਿੱਤੀ ਹੈ। ਇਹ ਖ਼ਾਸ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਰਾਕੇਸ਼ ਨਾਗਰ ਨਾਮੀ ਯੂਜ਼ਰ ਵੱਲੋਂ ਸਾਂਝੀ ਕੀਤੀ ਗਈ ਹੈ। ਵੀਡੀਓ ਨਾਲ ਦਿੱਤੀ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ, “ਮੇਰੇ ਬਚਪਨ ਦੇ ਦੋਸਤ, 1976 ਦਾ ਬੈਚ।” ਵੀਡੀਓ ਵਿੱਚ ਰਾਕੇਸ਼ ਨਾਗਰ ਪੰਜ ਦਹਾਕਿਆਂ ਦੇ ਲੰਮੇ ਅਰਸੇ ਬਾਅਦ ਆਪਣੇ ਬਚਪਨ ਦੇ ਯਾਰਾਂ ਨਾਲ ਮੁੜ ਮਿਲਣ ਅਤੇ ਉਸੇ ਪੁਰਾਣੇ ਸਕੂਲ ਦੀ ਡਿਓੜੀ ’ਚ ਪੈਰ ਧਰਨ ਦੀ ਖ਼ੁਸ਼ੀ ਸਾਂਝੀ ਕਰਦੇ ਨਜ਼ਰ ਆ ਰਹੇ ਹਨ। ਨਾਗਰ ਦਾ ਕਹਿਣਾ ਹੈ ਕਿ ਜਦੋਂ ਅੱਧੀ ਸਦੀ ਬਾਅਦ ਸਾਰੇ ਦੋਸਤ ਇੱਕ ਛੱਤ ਹੇਠ ਇਕੱਠੇ ਹੋਏ ਤਾਂ ਹਰ ਇੱਕ ਦੇ ਮਨ ਵਿੱਚ ਬਚਪਨ ਦੇ ਉਨ੍ਹਾਂ ਬੇਫ਼ਿਕਰ ਪਲਾਂ ਨੂੰ ਦੋਬਾਰਾ ਮਾਨਣ ਦੀ ਰੀਝ ਜਾਗ ਪਈ, ਜਿਸ ਤੋਂ ਬਾਅਦ ਸਾਰਿਆਂ ਨੇ ਆਪਣੇ ਪੁਰਾਣੇ ਸਕੂਲ ਜਾਣ ਦਾ ਫ਼ੈਸਲਾ ਕੀਤਾ। ਇਹ ਮਹਿਜ਼ ਮੁਲਾਕਾਤ ਨਹੀਂ, 50 ਸਾਲਾਂ ਦੀ ਦੋਸਤੀ ਦਾ ਜਸ਼ਨ ਰਾਕੇਸ਼ ਨਾਗਰ ਨੇ ਇਸ ਯਾਦਗਾਰੀ ਮਿਲਣੀ ਬਾਰੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਮਹਿਜ਼ ਦੋਸਤਾਂ ਦਾ ਇਕੱਠ ਨਹੀਂ ਸੀ, ਸਗੋਂ ਪੰਜ ਦਹਾਕਿਆਂ ਤੋਂ ਚੱਲੀ ਆ ਰਹੀ ਅਟੁੱਟ ਸਾਂਝ ਦਾ ਜਸ਼ਨ ਸੀ। ਉਨ੍ਹਾਂ ਦੱਸਿਆ ਕਿ ਉਸ ਦਿਨ ਹਰ ਚਿਹਰੇ ’ਤੇ ਬੱਚਿਆਂ ਵਰਗੀ ਮਾਸੂਮ ਮੁਸਕਾਨ ਸੀ ਅਤੇ ਹਰ ਦਿਲ ਵਿੱਚ ਯਾਦਾਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਆਪਣੇ ਸੁਨੇਹੇ ’ਚ ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਕੁਝ ਪਲ ਕਦੇ ਪੁਰਾਣੇ ਨਹੀਂ ਹੁੰਦੇ ਅਤੇ ਜ਼ਿੰਦਗੀ ਦੀ ਸਭ ਤੋਂ ਵੱਡੀ ਦੌਲਤ ਉਹ ਦੋਸਤ ਹੁੰਦੇ ਹਨ ਜੋ ਵਰ੍ਹਿਆਂ ਬਾਅਦ ਮਿਲਣ ’ਤੇ ਵੀ ਉਹੀ ਪਹਿਲਾਂ ਵਰਗੇ ਮੋਹ ਅਤੇ ਅਪਣੱਤ ਨਾਲ ਗਲਵੱਕੜੀ ਪਾਉਂਦੇ ਹਨ। ਸੋਸ਼ਲ ਮੀਡੀਆ ’ਤੇ ਭਾਵੁਕ ਹੋਏ ਲੋਕ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਵੀ ਆਪਣੀਆਂ ਸਕੂਲੀ ਯਾਦਾਂ ਦੇ ਵਿਹੜੇ ’ਚ ਗੁਆਚ ਗਏ। ਵੱਡੀ ਗਿਣਤੀ ’ਚ ਲੋਕਾਂ ਨੇ ਟਿੱਪਣੀਆਂ ਕਰਕੇ ਇਸ ਮਿਲਣੀ ਨੂੰ ਬੇਹੱਦ ਖ਼ਾਸ ਦੱਸਿਆ। ਇੱਕ ਯੂਜ਼ਰ ਨੇ ਲਿਖਿਆ, “ਤੁਸੀਂ ਸਾਰਿਆਂ ਨੇ ਅੱਜ ਮੁੜ ਬਚਪਨ ਜੀ ਲਿਆ”, ਜਦੋਂਕਿ ਦੂਜੇ ਯੂਜ਼ਰ ਦਾ ਕਹਿਣਾ ਸੀ ਕਿ ਵੀਡੀਓ ਦੇਖ ਕੇ ਮਨ ਖ਼ੁਸ਼ੀ ਨਾਲ ਭਰ ਗਿਆ। ਕਈਆਂ ਨੇ ਇਸ ਨੂੰ ‘ਗੋਲਡਨ ਮੈਮੋਰੀਜ਼’ ਕਰਾਰ ਦਿੰਦਿਆਂ ਕਿਹਾ ਕਿ ਸਕੂਲ ਦੀ ਦੋਸਤੀ ਉਮਰ ਭਰ ਦਿਲ ਦੇ ਨੇੜੇ ਰਹਿੰਦੀ ਹੈ। ਪੰਜ ਦਹਾਕਿਆਂ ਬਾਅਦ ਹੋਇਆ ਇਹ ਮਿਲਣ ਸਾਬਤ ਕਰਦਾ ਹੈ ਕਿ ਉਮਰ ਦੇ ਚਾਹੇ ਕੋਈ ਵੀ ਪੜਾਅ ਆ ਜਾਣ, ਬਚਪਨ ਦੇ ਯਾਰ ਅਤੇ ਉਹ ਦਿਨ ਹਮੇਸ਼ਾ ਅਮਰ ਰਹਿੰਦੇ ਹਨ।