ਕੈਨੇਡਾ ਦੀ ਇਮੀਗ੍ਰੇਸ਼ਨ ਚੁਣੌਤੀ: ਪਰਮਿਟ ਖ਼ਤਮ, ਭਵਿੱਖ ਅਨਿਸ਼ਚਿਤ
- ਵਿਦੇਸ਼
- (Asia/Kolkata)
ਓਂਟਾਰੀਓ, 14 ਜਨਵਰੀ (ਨਿਊਜ਼ ਡੈਸਕ): ਕੈਨੇਡਾ ਵਿੱਚ ਇਸ ਸਮੇਂ ਲਗਭਗ 2.1 ਮਿਲੀਅਨ ਅਜਿਹੇ ਅਸਥਾਈ ਵਸਨੀਕ (ਟੈਂਪੋਰੇਰੀ ਰੈਜ਼ੀਡੈਂਟਸ) ਹਨ ਜਿਨ੍ਹਾਂ ਦੇ ਵਰਕ ਜਾਂ ਵੀਜ਼ਾ ਪਰਮਿਟ ਜਲਦੀ ਖ਼ਤਮ ਹੋਣ ਵਾਲੇ ਹਨ। ਸਰਕਾਰ ਦਾ ਮੰਨਣਾ ਹੈ ਕਿ ਪਰਮਿਟ ਦੀ ਮਿਆਦ ਪੂਰੀ ਹੋਣ ‘ਤੇ ਲੋਕ ਆਪਣੇ ਆਪ ਦੇਸ਼ ਛੱਡ ਜਾਣਗੇ, ਪਰ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਹ ਅਨੁਮਾਨ ਹਕੀਕਤ ਤੋਂ ਕਾਫ਼ੀ ਦੂਰ ਹੈ। ਮਾਹਰਾਂ ਅਨੁਸਾਰ ਬਹੁਤ ਸਾਰੇ ਲੋਕਾਂ ਨੇ ਕੈਨੇਡਾ ਆਉਣ ਲਈ ਆਪਣੀ ਜਾਇਦਾਦ ਵੇਚੀ, ਵੱਡੇ ਕਰਜ਼ੇ ਲਏ ਅਤੇ ਸਾਲਾਂ ਦੀ ਮਿਹਨਤ ਕੀਤੀ ਹੈ। ਅਜਿਹੀ ਸਥਿਤੀ ਵਿੱਚ ਉਹ ਆਸਾਨੀ ਨਾਲ ਵਾਪਸ ਮੁੜ ਜਾਣ ਦੀ ਹਾਲਤ ਵਿੱਚ ਨਹੀਂ ਹਨ। ਇਸ ਕਾਰਨ ਕਈ ਲੋਕਾਂ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ। ਵਿੰਡਸਰ-ਐਸੇਕਸ ਵਿੱਚ ਰਹਿ ਰਹੇ 25 ਸਾਲਾ ਅਭਿਸ਼ੇਕ ਪਰਮਾਰ ਇਸ ਸੰਕਟ ਦੀ ਇੱਕ ਜੀਉਂਦੀ ਮਿਸਾਲ ਹਨ। 2019 ਵਿੱਚ ਭਾਰਤ ਤੋਂ ਕੈਨੇਡਾ ਆਏ ਅਭਿਸ਼ੇਕ ਨੇ ਸੇਂਟ ਕਲੇਅਰ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਟੈਕਨੋਲੋਜੀ ਦੀ ਪੜ੍ਹਾਈ ਕੀਤੀ ਅਤੇ ਫੀਸ ਤੇ ਰਹਿਣ-ਸਹਿਣ ‘ਤੇ 80 ਹਜ਼ਾਰ ਡਾਲਰ ਤੋਂ ਵੱਧ ਖਰਚ ਕੀਤਾ। ਪੜ੍ਹਾਈ ਤੋਂ ਬਾਅਦ ਨੌਕਰੀ ਮਿਲੀ ਅਤੇ 2024 ਵਿੱਚ ਓਂਟਾਰੀਓ ਇਮੀਗ੍ਰੇਸ਼ਨ ਪਾਥਵੇਅ ਰਾਹੀਂ ਪੀ.ਆਰ. ਲਈ ਅਰਜ਼ੀ ਦਿੱਤੀ, ਪਰ ਨੌਕਰੀ ਗੁਆਉਣ ਕਾਰਨ ਉਸ ਦੀ ਅਰਜ਼ੀ ਰੱਦ ਹੋ ਗਈ। ਹੁਣ ਮਾਰਚ ਵਿੱਚ ਵਰਕ ਪਰਮਿਟ ਖ਼ਤਮ ਹੋਣ ਕਾਰਨ ਉਸ ਦੇ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟਿਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਮੁਤਾਬਕ, ਪਿਛਲੇ ਸਾਲ 1.4 ਮਿਲੀਅਨ ਲੋਕਾਂ ਦੇ ਪਰਮਿਟ ਖ਼ਤਮ ਹੋਏ ਸਨ ਅਤੇ ਇਸ ਸਾਲ ਵੀ ਇੰਨੀ ਹੀ ਗਿਣਤੀ ਵਿੱਚ ਪਰਮਿਟ ਖ਼ਤਮ ਹੋਣਗੇ। ਦੋ ਸਾਲਾਂ ਵਿੱਚ ਇਹ ਗਿਣਤੀ 2.9 ਮਿਲੀਅਨ ਬਣਦੀ ਹੈ, ਜਦਕਿ 2025 ਅਤੇ 2026 ਵਿੱਚ ਉਪਲਬਧ ਪੀ.ਆਰ. ਸਪੌਟ ਇਸਦੇ ਮੁਕਾਬਲੇ ਕਾਫ਼ੀ ਘੱਟ ਹਨ। ਇਸ ਕਾਰਨ ਘੱਟੋ-ਘੱਟ 2.1 ਮਿਲੀਅਨ ਲੋਕਾਂ ਦਾ ਭਵਿੱਖ ਅਸਪਸ਼ਟ ਬਣਿਆ ਹੋਇਆ ਹੈ। ਟੋਰਾਂਟੋ ਦੇ ਇਮੀਗ੍ਰੇਸ਼ਨ ਵਕੀਲ ਲੂ ਜੈਨਸਨ ਡੈਂਗਜ਼ੈਲਨ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਮੰਨਣਾ ਗਲਤ ਹੈ ਕਿ ਲੋਕ ਆਪਣੇ ਆਪ ਵਾਪਸ ਚਲੇ ਜਾਣਗੇ। ਉਨ੍ਹਾਂ ਮੁਤਾਬਕ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਡਿਪੋਰਟ ਕਰਨਾ ਪ੍ਰਸ਼ਾਸਨਿਕ ਤੌਰ ‘ਤੇ ਲਗਭਗ ਅਸੰਭਵ ਅਤੇ ਬਹੁਤ ਦਰਦਨਾਕ ਪ੍ਰਕਿਰਿਆ ਹੋਵੇਗੀ। ਵਿੰਡਸਰ ਦੀ ਇਮੀਗ੍ਰੇਸ਼ਨ ਸਲਾਹਕਾਰ ਅਮਨਜੀਤ ਕੌਰ ਵਰਮਾ ਦਾ ਕਹਿਣਾ ਹੈ ਕਿ ਪੀ.ਆਰ. ਲਈ ਮੁਕਾਬਲਾ ਬਹੁਤ ਸਖ਼ਤ ਹੋ ਚੁੱਕਾ ਹੈ। ਮੰਗ ਅਤੇ ਉਪਲਬਧਤਾ ਵਿੱਚ ਵੱਡਾ ਅੰਤਰ ਹੈ। ਉਨ੍ਹਾਂ ਅਨੁਸਾਰ ਸਰਕਾਰ ਨੂੰ ਕੈਨੇਡਾ ਵਿੱਚ ਪਹਿਲਾਂ ਤੋਂ ਰਹਿੰਦੇ ਅਤੇ ਕੰਮ ਕਰ ਰਹੇ ਲੋਕਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਤਾਂ ਜੋ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਲੋਕ ਕਾਨੂੰਨੀ ਤੌਰ ‘ਤੇ ਇੱਥੇ ਰਹਿ ਸਕਣ।
Leave a Reply