ਗੁਰਦਾਸਪੁਰ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ, ਜਵੈਲਰ ਦੇ ਘਰੋਂ ਗਹਿਣੇ ਤੇ ਨਕਦੀ ਲੁੱਟੀ
- ਪੰਜਾਬ
- (Asia/Kolkata)
ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਜਵੈਲਰ ਦੇ ਘਰ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜ ਲੁਟੇਰਿਆਂ ਨੇ ਸਵੇਰੇ ਲਗਭਗ 8 ਵਜੇ ਜਵੈਲਰ ਵਰੁਣ ਮਹਾਜਨ ਦੇ ਘਰ ਵਿੱਚ ਦਾਖਲ ਹੋ ਕੇ ਬੰਦੂਕ ਦੀ ਨੋਕ ‘ਤੇ ਕਰੀਬ 3 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ ਹੋਏ ਸਨ। ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਘਰ ਵਿੱਚ ਦਾਖਲ ਹੋਣ ਤੋਂ ਬਾਅਦ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਫਿਰ ਘਰ ਵਿੱਚ ਮੌਜੂਦ ਕੀਮਤੀ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਵੈਲਰ ਦੀ ਪਤਨੀ ਨੇਹਾ ਮਹਾਜਨਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਪੰਜ ਵਿਅਕਤੀ ਉਨ੍ਹਾਂ ਦੇ ਘਰ ਆਏ, ਜਦੋਂ ਉਨ੍ਹਾਂ ਦਾ ਡਰਾਈਵਰ ਸਰਬਜੀਤ ਸਿੰਘ ਬਾਹਰ ਗੱਡੀਆਂ ਸਾਫ਼ ਕਰ ਰਿਹਾ ਸੀ। ਲੁਟੇਰਿਆਂ ਨੇ ਪਹਿਲਾਂ ਡਰਾਈਵਰ ਨਾਲ ਗੱਲਬਾਤ ਕੀਤੀ ਅਤੇ ਜਦੋਂ ਉਹ ਉਨ੍ਹਾਂ ਨੂੰ ਬੁਲਾਉਣ ਲਈ ਅੰਦਰ ਗਿਆ ਤਾਂ ਬਦਮਾਸ਼ ਵੀ ਉਸ ਦੇ ਪਿੱਛੇ ਘਰ ਵਿੱਚ ਦਾਖਲ ਹੋ ਗਏ। ਪਰਿਵਾਰ ਦੇ ਮੁਤਾਬਕ ਲੁਟੇਰਿਆਂ ਨੇ ਕਿਹਾ ਕਿ ਉਹ ਇਸ ਲਈ ਆਏ ਹਨ ਕਿਉਂਕਿ ਸੋਸ਼ਲ ਮੀਡੀਆ ‘ਤੇ ਗੁਰੂਆਂ ਬਾਰੇ ਕੋਈ ਅਪਮਾਨਜਨਕ ਪੋਸਟ ਪਾਈ ਗਈ ਸੀ। ਇਸ ਦੌਰਾਨ ਦੋ ਬਦਮਾਸ਼ਾਂ ਨੇ ਨੇਹਾ ਮਹਾਜਨ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇੱਕ ਜਗ੍ਹਾ ‘ਤੇ ਇਕੱਠਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲੁਟੇਰਿਆਂ ਦੀ ਤਲਾਸ਼ ਲਈ ਕਾਰਵਾਈ ਕੀਤੀ ਜਾ ਰਹੀ ਹੈ।
Leave a Reply