ਏਮਜ਼ ਬਠਿੰਡਾ ਦੀ ਵੱਡੀ ਉਪਲਬਧੀ, ਨਵਜਾਤ ਦਾ ਸਫਲ ਅਪਰੇਸ਼ਨ

ਏਮਜ਼ ਬਠਿੰਡਾ ਦੀ ਵੱਡੀ ਉਪਲਬਧੀ, ਨਵਜਾਤ ਦਾ ਸਫਲ ਅਪਰੇਸ਼ਨ

ਏਮਜ਼ (AIIMS) ਬਠਿੰਡਾ ਦੇ ਬਾਲ ਸਰਜਰੀ ਵਿਭਾਗ ਨੇ ਪਿਸ਼ਾਬ ਨਾਲੀ ਦੀ ਇੱਕ ਦੁਰਲੱਭ ਅਤੇ ਗੁੰਝਲਦਾਰ ਸਮੱਸਿਆ ਤੋਂ ਪੀੜਤ ਨਵਜੰਮੇ ਬੱਚੇ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ। ਬੱਚਾ ਸਿਰਫ਼ ਇੱਕ ਕੰਮ ਕਰਨ ਵਾਲੇ ਗੁਰਦੇ ਨਾਲ ਪੈਦਾ ਹੋਇਆ ਸੀ, ਜਿਸ ਵਿੱਚ ਵੀ ਰੁਕਾਵਟਾਂ ਸਨ ਜੋ ਪਿਸ਼ਾਬ ਦੇ ਆਮ ਪ੍ਰਵਾਹ ਨੂੰ ਰੋਕ ਰਹੀਆਂ ਸਨ। ਜੋ ਰੀਨਲ ਫਾਇਬ੍ਰੋ-ਮੱਸਕੂਲਰ ਡਿਸਪਲੇਸ਼ੀਆ ਨਾਲ ਪ੍ਰਭਾਵਿਤ ਸੀ। ਕਾਰਜਕਾਰੀ ਨਿਰਦੇਸ਼ਕ ਪ੍ਰੋ. (ਡਾ.) ਰਤਨ ਗੁਪਤਾ ਦੀ ਰਹਿਨੁਮਾਈ ਹੇਠ ਡਾਕਟਰਾਂ ਨੇ ਸ਼ੁਰੂਆਤੀ ਪੜਾਅ ਵਿੱਚ ਹੀ ਸਮੱਸਿਆ ਦਾ ਪਤਾ ਲਗਾ ਲਿਆ ਅਤੇ ਗੁਰਦੇ ਦੀ ਰੱਖਿਆ ਲਈ ਜਨਮ ਤੋਂ ਪਹਿਲੇ ਦਿਨ ਹੀ ਇੱਕ ਐਮਰਜੈਂਸੀ ਪ੍ਰਕਿਰਿਆ ਦਿੱਤੀ। ਜ਼ਿਕਰਯੋਗ ਹੈ ਕਿ ਗਰਭ ਅਵਸਥਾ ਦੌਰਾਨ ਹੀ ਯੂਰੇਟਰੋ-ਪੈਲਵਿਕ ਜੰਕਸ਼ਨ ਵਿੱਚ ਰੁਕਾਵਟ ਅਤੇ ਮੱਧ ਯੂਰੇਟਰ ਵਿੱਚ ਤੰਗੀ ਦੀ ਪਛਾਣ ਹੋ ਚੁੱਕੀ ਸੀ। ਬਾਅਦ ਵਿੱਚ, ਡਾਕਟਰਾਂ ਨੇ ਇੱਕ ਸੁਧਾਰਾਤਮਕ ਸਰਜਰੀ ਕੀਤੀ ਅਤੇ ਪਿਸ਼ਾਬ ਨੂੰ ਸਹੀ ਢੰਗ ਨਾਲ ਬਾਹਰ ਕੱਢਣ ਲਈ ਇੱਕ ਛੋਟੀ ਟਿਊਬ (ਡੀਜੇ ਸਟੈਂਟ) ਪਾਈ। ਇੱਕ ਹਫ਼ਤੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਛੇ ਹਫ਼ਤਿਆਂ ਬਾਅਦ ਸਟੈਂਟ ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ। ਏਮਜ਼ ਬਠਿੰਡਾ ਦੇ ਅਨੁਸਾਰ ਬੱਚਾ ਹੁਣ ਸਿਹਤਮੰਦ ਹੈ ਅਤੇ ਆਮ ਜੀਵਨ ਬਤੀਤ ਕਰ ਰਿਹਾ ਹੈ। ਇਹ ਇਲਾਜ ਡਾ. ਨਵਦੀਪ ਸਿੰਘ ਧੋਟ ਅਤੇ ਪੀਡੀਆਟ੍ਰਿਕ ਸਰਜਰੀ ਟੀਮ ਵੱਲੋਂ ਐਨਸਥੀਟਿਸਟ ਡਾ. ਅੰਜੂ ਗਰੇਵਾਲ, ਨਿਓਨੈਟੋਲੋਜਿਸਟ ਡਾ. ਮਨੀਸ਼ ਅਤੇ ਨਰਸਿੰਗ ਤੇ ਆਪਰੇਟਿੰਗ ਸਟਾਫ਼ ਦੇ ਸਹਿਯੋਗ ਨਾਲ ਕੀਤਾ ਗਿਆ। ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ (ਡਾ.) ਰਤਨ ਗੁਪਤਾ ਨੇ ਕਿਹਾ ਕਿ ਇਹ ਸਫਲਤਾ ਟੀਮ ਵਰਕ ਅਤੇ ਸਮੁੱਚੀ ਏਮਜ਼ ਫੈਕਲਟੀ ਦੇ ਸਹਿਯੋਗ ਦਾ ਨਤੀਜਾ ਹੈ। ਡਾਕਟਰਾਂ ਨੇ ਕਿਹਾ ਕਿ ਇਹ ਕੇਸ ਦਰਸਾਉਂਦਾ ਹੈ ਕਿ ਕਿਵੇਂ ਸ਼ੁਰੂਆਤੀ ਜਾਂਚ ਅਤੇ ਸਮੇਂ ਸਿਰ ਕੀਤੀ ਗਈ ਸਰਜਰੀ ਜਾਨ ਬਚਾ ਸਕਦੀ ਹੈ, ਖਾਸ ਕਰਕੇ ਉਨ੍ਹਾਂ ਬੱਚਿਆਂ ਵਿੱਚ ਜੋ ਸਿਰਫ਼ ਇੱਕ ਕੰਮ ਕਰਨ ਵਾਲੇ ਗੁਰਦੇ ਨਾਲ ਪੈਦਾ ਹੁੰਦੇ ਹਨ।