ਓਟਵਾ ਦੀ ਸਿਟੀ ਕੌਂਸਲ ਵਲੋਂ ਟਰੰਪ ਐਵਨਿਊ ਦਾ ਨਾਂ ਬਦਲਣ ਦੀ ਤਿਆਰੀ, 23 ਸਤੰਬਰ ਨੂੰ ਹੋਵੇਗੀ ਵੋਟਿੰਗ
- ਵਿਦੇਸ਼
- (Asia/Kolkata)
ਕੈਨੇਡਾ ਦੀ ਰਾਜਧਾਨੀ ਓਟਵਾ ਵਿੱਚ ਇੱਕ ਰਿਹਾਇਸ਼ੀ ਸੜਕ ਤੋਂ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਾਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਓਟਵਾ ਦੀ ਸਿਟੀ ਕੌਂਸਲ ਆਉਣ ਵਾਲੀ 23 ਸਤੰਬਰ ਨੂੰ 'ਟਰੰਪ ਐਵਨਿਊ' ਦਾ ਨਾਂ ਬਦਲਣ ਸਬੰਧੀ ਪੇਸ਼ ਕੀਤੇ ਗਏ ਇੱਕ ਮਤੇ 'ਤੇ ਰਸਮੀ ਵੋਟਿੰਗ ਕਰੇਗੀ। ਇਹ ਪ੍ਰਸਤਾਵ ਬੁੱਧਵਾਰ ਨੂੰ ਕੌਂਸਲਰ ਰਾਈਲੀ ਬਰੌਕਿੰਗਟਨ ਵੱਲੋਂ ਪੇਸ਼ ਕੀਤਾ ਗਿਆ ਹੈ।ਜੇਕਰ ਸਿਟੀ ਕੌਂਸਲ ਵੱਲੋਂ ਇਹ ਪ੍ਰਸਤਾਵ ਪਾਸ ਕਰ ਦਿੱਤਾ ਜਾਂਦਾ ਹੈ, ਤਾਂ ਟਰੰਪ ਐਵਨਿਊ 'ਤੇ ਰਹਿਣ ਵਾਲੇ ਸਥਾਨਕ ਵਸਨੀਕਾਂ ਨਾਲ ਸਲਾਹ-ਮਸ਼ਵਰਾ ਕਰਕੇ ਨਵੇਂ ਨਾਂ ਲਈ ਸੁਝਾਅ ਲਏ ਜਾਣਗੇ। ਸੜਕ ਦਾ ਨਵਾਂ ਨਾਂ ਨਿਊ ਯੌਰਕ ਸ਼ਹਿਰ ਨਾਲ ਸਬੰਧਤ ਰੱਖਿਆ ਜਾ ਸਕਦਾ ਹੈ ਜਾਂ ਇਸ ਤੋਂ ਵੱਖਰਾ ਕੋਈ ਹੋਰ ਨਾਂ ਵੀ ਚੁਣਿਆ ਜਾ ਸਕਦਾ ਹੈ। ਬਰੌਕਿੰਗਟਨ ਨੇ ਸਪੱਸ਼ਟ ਕੀਤਾ ਕਿ ਜੇਕਰ ਇਸ ਸੜਕ ਦੇ ਨਾਂ ਲਈ ਮੌਜੂਦਾ ਸਮੇਂ ਰਸਮੀ ਤੌਰ 'ਤੇ ਯਾਦਗਾਰੀ ਨਾਂ ਰੱਖਣ ਦੀ ਪ੍ਰਕਿਰਿਆ ਅਪਣਾਈ ਜਾਂਦੀ, ਤਾਂ 'ਟਰੰਪ ਐਵਨਿਊ' ਨਾਂ ਸ਼ਹਿਰ ਦੀਆਂ ਮੌਜੂਦਾ ਸ਼ਰਤਾਂ 'ਤੇ ਖ਼ਰਾ ਨਾ ਉੱਤਰਦਾ। ਉਨ੍ਹਾਂ ਪਹਿਲਾਂ ਵੀ ਜਨਤਕ ਤੌਰ 'ਤੇ ਕਿਹਾ ਸੀ ਕਿ ਉਨ੍ਹਾਂ ਦੇ ਰਿਵਰ ਵਾਰਡ ਵਿੱਚ ਟਰੰਪ ਐਵਨਿਊ ਨਾਂ ਦੀ ਸੜਕ ਦਾ ਹੋਣਾ ਉਨ੍ਹਾਂ ਲਈ ਸ਼ਰਮਨਾਕ ਹੈ। ਇਹ ਮਾਮਲਾ ਅਜਿਹੇ ਸਮੇਂ 'ਚ ਮੁੜ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਲਗਾਤਾਰ ਵਧ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2021 ਵਿੱਚ ਵੀ ਇਸ ਸੜਕ ਦਾ ਨਾਂ ਬਦਲਣ ਲਈ ਇੱਥੋਂ ਦੇ ਵਸਨੀਕਾਂ ਦੀ ਰਾਇ ਲਈ ਗਈ ਸੀ। ਉਸ ਸਮੇਂ ਹੋਈ ਵੋਟਿੰਗ ਵਿੱਚ ਨਾਂ ਬਦਲਣ ਦੇ ਪੱਖ ਅਤੇ ਵਿਰੋਧ ਵਿੱਚ 21-21 ਵੋਟਾਂ ਪੈਣ ਕਾਰਨ ਮਾਮਲਾ ਬਰਾਬਰੀ 'ਤੇ ਛੁੱਟ ਗਿਆ ਸੀ, ਜਦਕਿ 20 ਘਰਾਂ ਨੇ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਹੀ ਨਹੀਂ ਲਿਆ ਸੀ। ਓਟਵਾ ਸ਼ਹਿਰ ਦੀ ਮੌਜੂਦਾ ਨੀਤੀ ਅਨੁਸਾਰ ਕਿਸੇ ਵੀ ਸੜਕ ਦਾ ਨਾਂ ਬਦਲਣ ਦੀ ਮਨਜ਼ੂਰੀ ਲਈ ਘੱਟੋ-ਘੱਟ ਅੱਧੇ ਤੋਂ ਇੱਕ ਵੱਧ (ਸਧਾਰਨ ਬਹੁਮਤ) ਵੋਟਾਂ ਦੀ ਪ੍ਰਵਾਨਗੀ ਹੋਣੀ ਲਾਜ਼ਮੀ ਹੈ।
Leave a Reply