ਮੋਹਾਲੀ: ਦਫ਼ਤਰ ਅੰਦਰ ਕੁੜੀ ਦੀ ਹੱਤਿਆ, ਮੁਲਜ਼ਮ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ

ਮੋਹਾਲੀ: ਦਫ਼ਤਰ ਅੰਦਰ ਕੁੜੀ ਦੀ ਹੱਤਿਆ, ਮੁਲਜ਼ਮ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ

ਮੋਹਾਲੀ ਦੇ ਫੇਜ਼-11 ਸਥਿਤ ਇੱਕ ਨਿੱਜੀ ਕੰਪਨੀ ਦੇ ਦਫ਼ਤਰ ਵਿੱਚ ਸ਼ੁੱਕਰਵਾਰ ਨੂੰ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ‘ਤੇ ਚਾਕੂ ਨਾਲ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਡਿੰਪਲ ਵਜੋਂ ਹੋਈ ਹੈ, ਜੋ ਪਟਿਆਲਾ ਦੀ ਰਹਿਣ ਵਾਲੀ ਸੀ ਅਤੇ ਮੋਹਾਲੀ ਦੇ ਫੇਜ਼-11 ਵਿੱਚ ਸਥਿਤ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਸੀ। ਜਾਣਕਾਰੀ ਅਨੁਸਾਰ, ਮੁਲਜ਼ਮ ਉਸੇ ਦਫ਼ਤਰ ਵਿੱਚ ਪਹੁੰਚਿਆ ਜਿੱਥੇ ਡਿੰਪਲ ਕੰਮ ਕਰਦੀ ਸੀ ਅਤੇ ਉੱਥੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਹਮਲੇ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਵੀ ਚਾਕੂ ਮਾਰੇ ਅਤੇ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਤਾਬਕ, ਮੁਲਜ਼ਮ ਮ੍ਰਿਤਕ ਲੜਕੀ ਨੂੰ ਜਾਣਦਾ ਸੀ ਅਤੇ ਉਸਦੇ ਨਾਲ ਹੀ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਡਿੰਪਲ ਦੀ ਗਰਦਨ ‘ਤੇ ਦਸ ਤੋਂ ਵੱਧ ਵਾਰ ਚਾਕੂ ਨਾਲ ਵਾਰ ਕੀਤੇ। ਘਟਨਾ ਤੋਂ ਬਾਅਦ ਦੋਵਾਂ ਨੂੰ ਗੰਭੀਰ ਹਾਲਤ ਵਿੱਚ ਫੋਰਟਿਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਡਿੰਪਲ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮੁਲਜ਼ਮ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਸੂਚਨਾ ਮਿਲਦੇ ਹੀ ਫੇਜ਼-11 ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ। ਫੇਜ਼-11 ਪੁਲਿਸ ਸਟੇਸ਼ਨ ਦੇ ਐਸਐਚਓ ਅਮਨ ਬੈਦਵਾਨ ਨੇ ਦੱਸਿਆ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਮੋਹਾਲੀ ਪਹੁੰਚਣ ਤੋਂ ਬਾਅਦ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਫੋਰੈਂਸਿਕ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ, ਜਿਸ ਨੇ ਸਾਰੇ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਪੁਲਿਸ ਨੇ ਹਾਲੇ ਤੱਕ ਹਮਲੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਨਾਲ ਹੀ ਦੋਸ਼ੀ ਅਤੇ ਮ੍ਰਿਤਕਾ ਵਿਚਕਾਰ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਹਰ ਪੱਖ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।