ਬੰਗਲਾਦੇਸ਼ ‘ਚ ਹਿੰਦੂ ਵਪਾਰੀ ਦਾ ਕਤਲ, ਦੁਕਾਨ ਅੰਦਰ ਮਿਲੀ ਲਾਸ਼
- ਵਿਦੇਸ਼
- (Asia/Kolkata)
ਬੰਗਲਾਦੇਸ਼ ਵਿੱਚ ਘੱਟਸੰਖਿਆਕ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਇੱਕ ਹੋਰ ਹਿੰਸਕ ਘਟਨਾ ਸਾਹਮਣੇ ਆਈ ਹੈ। ਮਯਮਨਸਿੰਘ ਜ਼ਿਲ੍ਹੇ ਦੇ ਤ੍ਰਿਸ਼ਾਲ ਉਪਜ਼ਿਲ੍ਹਾ ਵਿੱਚ 62 ਸਾਲਾ ਹਿੰਦੂ ਵਪਾਰੀ ਸੁਸੈਨ ਚੰਦਰ ਸਰਕਾਰ ਦੀ ਉਸ ਦੀ ਆਪਣੀ ਦੁਕਾਨ ਵਿੱਚ ਹੀ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਬੋਗਰ ਬਜ਼ਾਰ ਚੌਰਾਹੇ ‘ਤੇ ਵਾਪਰੀ। ਸੁਸੈਨ ਚੰਦਰ ਸਰਕਾਰ “ਭਾਈ-ਭਾਈ ਐਂਟਰਪ੍ਰਾਈਜ਼” ਨਾਮਕ ਦੁਕਾਨ ਦੇ ਮਾਲਕ ਸਨ ਅਤੇ ਇਲਾਕੇ ਵਿੱਚ ਜਾਣੇ-ਮਾਣੇ ਵਪਾਰੀ ਵਜੋਂ ਪਹਚਾਣੇ ਜਾਂਦੇ ਸਨ। ਪੁਲਿਸ ਦੇ ਮੁਤਾਬਕ ਹਮਲਾਵਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਗਿਆ। ਜਦੋਂ ਪਰਿਵਾਰਕ ਮੈਂਬਰ ਦੁਕਾਨ ‘ਤੇ ਪਹੁੰਚੇ ਅਤੇ ਸ਼ਟਰ ਖੋਲ੍ਹਿਆ ਤਾਂ ਸੁਸੈਨ ਚੰਦਰ ਸਰਕਾਰ ਖੂਨ ਨਾਲ ਲਥਪਥ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਤੁਰੰਤ ਮਯਮਨਸਿੰਘ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਸਥਾਨਕ ਹਿੰਦੂ ਭਾਈਚਾਰੇ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਹੈ। ਕਈ ਸਮਾਜਿਕ ਵਰਗਾਂ ਵੱਲੋਂ ਘੱਟਸੰਖਿਆਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਤੋਂ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਕਾਰਵਾਈ ਜਾਰੀ ਹੈ।
Leave a Reply