ਆਤਮਾ ਸਕੀਮ ਅਧੀਨ ਨਰਮੇ ਦੀ ਫ਼ਸਲ ਸਬੰਧੀ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ
- ਪੰਜਾਬ
- (Asia/Kolkata)
ਮਾਨਸਾ, (ਜਗਰਾਜ ਸਿੰਘ ਚਹਿਲ)ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਜ਼ਿਲ੍ਹਾ ਪੱਧਰ 'ਤੇ ਨਰਮੇ ਦੀ ਫਸਲ ਵਾਲੇ ਕਿਸਾਨਾਂ ਲਈ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਪ੍ਰੋਜੈਕਟ ਡਾਇਰੈਕਟਰ ਆਤਮਾ-ਕਮ-ਮੁੱਖ ਖੇਤੀਬਾੜੀ ਅਫ਼ਸਰ ਸ੍ਰ. ਹਰਵਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਉਦੇਸ਼ ਕਿਸਾਨਾਂ ਦੇ ਪਹਿਲਾਂ ਤੋਂ ਮੌਜੂਦ ਗਿਆਨ ਅਤੇ ਤਜ਼ਰਬੇ ਦਾ ਮੁਲਾਂਕਣ ਕਰਕੇ ਉਨ੍ਹਾਂ ਨੂੰ ਨਵੀਨਤਮ ਵਿਗਿਆਨਕ ਖੇਤੀ ਤਕਨੀਕਾਂ ਬਾਰੇ ਉੱਨਤ ਸਿਖਲਾਈ ਪ੍ਰਦਾਨ ਕਰਨਾ, ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾ ਕੇ ਫ਼ਸਲਾਂ ਦੀ ਉਤਪਾਦਕਤਾ ਵਿੱਚ ਵਾਧਾ ਕਰਨਾ, ਖੇਤੀ ਦੀ ਲਾਗਤ ਘਟਾਉਣਾ ਅਤੇ ਵਾਤਾਵਰਣ ਅਨੁਕੂਲ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਿਖਲਾਈ ਵਿੱਚ ਸ਼ਾਮਲ ਹੋਏ ਸਮੂਹ ਕਿਸਾਨਾਂ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਸਫਲ ਆਯੋਜਨ ਲਈ ਧੰਨਵਾਦ ਵੀ ਕੀਤਾ।ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਰਮੇ ਦੀ ਫਸਲ ਨੂੰ ਔੜ ਨਾ ਲੱਗਣ ਦਿੱਤੀ ਜਾਵੇ ਅਤੇ ਸਮੇਂ ਸਿਰ ਸਿੰਚਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਫਸਲ ਵਿੱਚ ਲੋੜ ਅਨੁਸਾਰ ਨਮੀ ਬਣੀ ਰਹਿਣ ਨਾਲ ਪੌਦੇ ਤੰਦਰੁਸਤ ਰਹਿੰਦੇ ਹਨ ਅਤੇ ਕੀੜੇਮਾਰ ਦਵਾਈਆਂ ਦਾ ਪ੍ਰਭਾਵ ਵੀ ਵਧੀਆ ਢੰਗ ਨਾਲ ਹੁੰਦਾ ਹੈ। ਇਸ ਲਈ ਕਿਸਾਨ ਮੌਸਮ ਅਤੇ ਫਸਲ ਦੀ ਲੋੜ ਅਨੁਸਾਰ ਸਮੇਂ ਸਿਰ ਸਿੰਚਾਈ ਕਰਨ ਅਤੇ ਖੇਤ ਵਿੱਚ ਪਾਣੀ ਦੇ ਸਹੀ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦੇਣ।ਸਿਖਲਾਈ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ ਦੇ ਮਾਹਿਰਾਂ ਵੱਲੋਂ ਨਰਮੇ ਦੀ ਫ਼ਸਲ ਦੇ ਵਿਗਿਆਨਕ ਪ੍ਰਬੰਧਨ, ਸੰਤੁਲਿਤ ਖਾਦਾਂ ਦੀ ਵਰਤੋਂ, ਏਕੀਕ੍ਰਿਤ ਫ਼ਸਲ ਪ੍ਰਬੰਧਨ, ਏਕੀਕ੍ਰਿਤ ਕੀਟ ਅਤੇ ਰੋਗ ਪ੍ਰਬੰਧਨ, ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ, ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਰੀ ਨਵੀਨਤਮ ਸਿਫ਼ਾਰਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸ੍ਰੀ ਅਜੀਤ ਪਾਲ ਸਿੰਘ, ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ), ਸ੍ਰੀ ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਗੁਰਪ੍ਰੀਤ ਸਿੰਘ (ਏ.ਡੀ.ਓ.), ਸ੍ਰੀ ਗੁਰਵੀਰ ਸਿੰਘ (ਏ.ਡੀ.ਓ.), ਸ੍ਰੀ ਅਮਨਦੀਪ ਸਿੰਘ (ਏ.ਡੀ.ਓ.)ਅਤੇ ਸ੍ਰੀ ਅੰਮ੍ਰਿਤਪਾਲ ਸਿੰਘ (ਏ.ਡੀ.ਓ.) ਹਾਜ਼ਰ ਸਨ।
Leave a Reply