ਬਰੈਂਪਟਨ 'ਚ ਚਾਕੂ ਦੀ ਨੋਕ 'ਤੇ ਕਾਰਾਂ ਖੋਹਣ ਦੀ ਕੋਸ਼ਿਸ਼, ਵਿਰੋਧ ਕਰਨ 'ਤੇ ਵਾਹਨ ਚਾਲਕ ਜ਼ਖ਼ਮੀ
- ਵਿਦੇਸ਼
- (Asia/Kolkata)
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਐਤਵਾਰ ਰਾਤ ਨੂੰ ਚਾਕੂ ਨਾਲ ਲੈਸ ਇੱਕ ਅਣਪਛਾਤੇ ਵਿਅਕਤੀ ਵੱਲੋਂ ਕਈ ਵਾਹਨ ਖੋਹਣ (ਕਾਰਜੈਕਿੰਗ) ਦੀਆਂ ਨਾਕਾਮ ਕੋਸ਼ਿਸ਼ਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੌਰਾਨ ਸ਼ੱਕੀ ਨੇ ਹੱਥੋਪਾਈ ਹੁੰਦਿਆਂ ਇੱਕ ਵਾਹਨ ਮਾਲਕ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖ਼ਮੀ ਹੋ ਗਿਆ। ਪੀਲ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ ਲਗਭਗ 10 ਵਜੇ ਕਲਾਕਵਰਕ ਡਰਾਈਵ ਅਤੇ ਕ੍ਰੈਡਿਟਵਿਊ ਰੋਡ ਦੇ ਨਜ਼ਦੀਕੀ ਇਲਾਕੇ ਵਿੱਚ ਵਾਪਰੀ। ਪੁਲਿਸ ਮੁਤਾਬਕ ਸ਼ੱਕੀ ਨੇ ਸਭ ਤੋਂ ਪਹਿਲਾਂ ਚਾਕੂ ਦੀ ਨੋਕ 'ਤੇ ਇੱਕ ਵਾਹਨ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੱਡੀ ਦੇ ਮਾਲਕ ਨੇ ਉਸ ਦਾ ਵਿਰੋਧ ਕੀਤਾ, ਜਿਸ ਕਾਰਨ ਦੋਵਾਂ ਵਿਚਾਲੇ ਝੜਪ ਹੋ ਗਈ। ਇਸ ਹੱਥੋਪਾਈ ਦੌਰਾਨ ਗੱਡੀ ਦਾ ਮਾਲਕ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੱਸਿਆ ਕਿ ਪੀੜਤ ਦੀਆਂ ਸੱਟਾਂ ਗੰਭੀਰ ਨਹੀਂ ਹਨ ਅਤੇ ਉਹ ਜਾਨਲੇਵਾ ਖ਼ਤਰੇ ਤੋਂ ਬਾਹਰ ਹੈ। ਇਸ ਪਹਿਲੀ ਨਾਕਾਮ ਕੋਸ਼ਿਸ਼ ਤੋਂ ਬਾਅਦ, ਸ਼ੱਕੀ ਨੇ ਉਸੇ ਇਲਾਕੇ ਵਿੱਚ ਤਿੰਨ ਹੋਰ ਵਾਹਨਾਂ ਨੂੰ ਖੋਹਣ ਦਾ ਯਤਨ ਕੀਤਾ। ਹਾਲਾਂਕਿ, ਉਹ ਕਿਸੇ ਵੀ ਵਾਹਨ ਨੂੰ ਛੇਕਣ ਵਿੱਚ ਸਫ਼ਲ ਨਹੀਂ ਹੋ ਸਕਿਆ ਅਤੇ ਵਾਰਦਾਤ ਤੋਂ ਬਾਅਦ ਪੈਦਲ ਹੀ ਮੌਕੇ ਤੋਂ ਫ਼ਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਦੋਸ਼ੀ ਦਾ ਹੁਲੀਆ ਜਾਰੀ ਕੀਤਾ ਹੈ। ਪੁਲਿਸ ਅਨੁਸਾਰ ਸ਼ੱਕੀ ਦੀ ਉਮਰ 25 ਤੋਂ 30 ਸਾਲ ਦੇ ਦਰਮਿਆਨ ਹੈ ਅਤੇ ਉਸ ਦਾ ਸਰੀਰਕ ਢਾਂਚਾ ਪਤਲਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸ ਦੀ ਧੌਣ (ਗਰਦਨ) 'ਤੇ ਇੱਕ ਟੈਟੂ ਬਣਿਆ ਹੋਇਆ ਹੈ। ਘਟਨਾ ਸਮੇਂ ਉਸ ਨੇ ਗ੍ਰੇਅ (ਸਲੇਟੀ) ਰੰਗ ਦਾ ਸਵੈਟਰ, ਹਲਕੇ ਰੰਗ ਦੀ ਪੈਂਟ, ਕਾਲੇ ਰੰਗ ਦੇ ਕ੍ਰੌਕਸ, ਨੀਲੇ ਅਤੇ ਚਿੱਟੇ ਰੰਗ ਦੀ ਟੋਪੀ ਪਹਿਨੀ ਹੋਈ ਸੀ ਅਤੇ ਉਸ ਕੋਲ ਇੱਕ ਕਾਲਾ ਮੈਸੇਂਜਰ ਬੈਗ ਵੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਸ਼ੱਕੀ ਦੀ ਭਾਲ ਜਾਰੀ ਹੈ।
Leave a Reply