ਕੈਨੇਡਾ ’ਚ ਸਿਖਲਾਈ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ
- ਵਿਦੇਸ਼
- (Asia/Kolkata)
ਕੈਨੇਡਾ ਵਿੱਚ ਬੀਤੀ ਰਾਤ ਮਿਸ਼ਨ ਸ਼ਹਿਰ ਨੇੜੇ ਇੱਕ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਇਸ ਵਿੱਚ ਸਵਾਰ ਪਾਇਲਟ ਦੀ ਮੌਤ ਹੋ ਗਈ। ਘਟਨਾ ਸਮੇਂ ਜਹਾਜ਼ ਵਿੱਚ ਪਾਇਲਟ ਇਕੱਲਾ ਹੀ ਮੌਜੂਦ ਸੀ। ਮਿਸ਼ਨ ਪੁਲੀਸ ਮੁਤਾਬਕ ਇਹ ਹਾਦਸਾ ਰਾਤ ਕਰੀਬ ਸਾਢੇ 10 ਵਜੇ ਵਾਪਰਿਆ। ਸਥਾਨਕ ਲੋਕਾਂ ਨੇ ਇਸ ਦੌਰਾਨ ਬੰਬ ਵਰਗੀ ਬਹੁਤ ਤੇਜ਼ ਆਵਾਜ਼ ਸੁਣੀ। ਇਸ ਤੋਂ ਬਾਅਦ ਉਨ੍ਹਾਂ ਨੇ ਅਸਮਾਨ ਤੋਂ ਅੱਗ ਦਾ ਗੋਲਾ ਹੇਠਾਂ ਡਿੱਗਦਾ ਦੇਖਿਆ ਅਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਅਤੇ ਅੱਗ ਬੁਝਾਊ ਦਸਤਾ ਘਟਨਾ ਸਥਾਨ ’ਤੇ ਪਹੁੰਚਿਆ। ਮੌਕੇ ’ਤੇ ਇੱਕ ਛੋਟੇ ਜਹਾਜ਼ ਦਾ ਮਲਬਾ ਮਿਲਿਆ। ਅੱਗ ਬੁਝਾਊ ਦਸਤੇ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਮਲਬੇ ਵਿੱਚੋਂ ਪਾਇਲਟ ਦੀ ਲਾਸ਼ ਬਰਾਮਦ ਕੀਤੀ ਗਈ। ਪੁਲੀਸ ਅਨੁਸਾਰ ਪਾਇਲਟ ਰਾਤ ਦੀ ਉਡਾਣ ਦੀ ਸਿਖਲਾਈ ਲਈ ਜਹਾਜ਼ ਲੈ ਕੇ ਨਿਕਲਿਆ ਸੀ। ਹਾਲਾਂਕਿ, ਪੁਲੀਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਜਹਾਜ਼ ਕਿਸ ਸਿਖਲਾਈ ਕੇਂਦਰ ਤੋਂ ਉਡਾਣ ਭਰ ਕੇ ਆਇਆ ਸੀ ਅਤੇ ਉਸ ਨੇ ਕਿੱਥੇ ਉਤਰਨਾ ਸੀ। ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਟਰਾਂਸਪੋਰਟ ਸੇਫਟੀ ਬੋਰਡ ਦੀ ਜਾਂਚ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ। ਜਾਂਚ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਕਿਹੜੇ ਕਾਰਨਾਂ ਕਰਕੇ ਹੋਇਆ ਅਤੇ ਪਾਇਲਟ ਕਿਹੜੇ ਹਾਲਾਤਾਂ ਨਾਲ ਨਜਿੱਠਣ ਵਿੱਚ ਅਸਫਲ ਰਿਹਾ।
Leave a Reply