ਕੈਨੇਡਾ ਵਿੱਚ ਸਿੱਖ ਨੌਜਵਾਨ ਦੀ ਗੋਲੀਬਾਰੀ ਵਿੱਚ ਮੌਤ, ਦੋਸਤ ਦੀਆਂ ਬਾਹਾਂ ਵਿੱਚ ਤੋੜਿਆ ਦਮ
- ਵਿਦੇਸ਼
- (Asia/Kolkata)
ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਸਿੱਖ ਨੌਜਵਾਨ ਦੀ ਗੋਲੀਬਾਰੀ ਦੌਰਾਨ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਮ੍ਰਿਤਕ ਦੀ ਪਹਿਚਾਣ ਬਰਿੰਦਰ ਸਿੰਘ ਵਜੋਂ ਹੋਈ ਹੈ, ਜੋ ਤਿੰਨ ਸਾਲ ਪਹਿਲਾਂ ਭਾਰਤ ਤੋਂ ਪੜਾਈ ਲਈ ਕੈਨੇਡਾ ਗਿਆ ਸੀ। ਜਾਣਕਾਰੀ ਅਨੁਸਾਰ ਇਹ ਘਟਨਾ ਪਿਛਲੇ ਸ਼ਨਿੱਚਰਵਾਰ ਨੂੰ ਐਡਮੰਟਨ ਦੇ ਦੱਖਣ ਵਿੱਚ ਸਥਿਤ ਲੇਡੁਕ ਨੇੜੇ ਵਾਪਰੀ, ਜਦੋਂ ਬਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਰੌਕੀ ਪਹਾੜਾਂ ਵੱਲ ਜਾ ਰਿਹਾ ਸੀ। ਇਸ ਦੌਰਾਨ ਨੇੜਿਓਂ ਲੰਘ ਰਹੇ ਇੱਕ ਸਲੇਟੀ ਰੰਗ ਦੇ ਪਿਕਅੱਪ ਟਰੱਕ ਵਿੱਚੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਅਤੇ ਮੌਕੇ ‘ਤੇ ਹੀ ਦਮ ਤੋੜ ਗਿਆ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਮੁਤਾਬਕ ਸ਼ੱਕੀ ਵਾਹਨ ਦੀ ਪਛਾਣ ਫੋਰਡ ਐਫ-150 ਵਜੋਂ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਟਰੱਕ ਵਿੱਚ ਸਵਾਰ ਵਿਅਕਤੀਆਂ ਦੀ ਭਾਲ ਜਾਰੀ ਹੈ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਘਟਨਾ ਸਮੇਂ ਕਾਰ ਵਿੱਚ ਮੌਜੂਦ ਬਰਿੰਦਰ ਦੇ ਦੋਸਤ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਹ ਹਮਲਾ ਬਹੁਤ ਅਚਾਨਕ ਸੀ। ਉਸ ਦੇ ਮੁਤਾਬਕ ਸ਼ੁਰੂ ਵਿੱਚ ਟਰੱਕ ਵਿੱਚ ਸਵਾਰ ਲੋਕਾਂ ਵੱਲੋਂ ਹੱਥ ਹਿਲਾਉਣ ‘ਤੇ ਉਨ੍ਹਾਂ ਨੇ ਵੀ ਇਸਨੂੰ ਦੋਸਤਾਨਾ ਇਸ਼ਾਰਾ ਸਮਝ ਕੇ ਜਵਾਬ ਦਿੱਤਾ। ਕੁਝ ਪਲਾਂ ਬਾਅਦ ਟਰੱਕ ਨੇ ਰਫ਼ਤਾਰ ਵਧਾਈ ਅਤੇ ਫਿਰ ਉਨ੍ਹਾਂ ਦੇ ਨਾਲ ਆ ਕੇ ਹੌਲੀ ਹੋ ਗਿਆ, ਜਿਸ ਦੌਰਾਨ ਗੋਲੀ ਚਲਾਈ ਗਈ ਜੋ ਬਰਿੰਦਰ ਦੀ ਗਰਦਨ ‘ਤੇ ਲੱਗੀ। ਜਖ਼ਮੀ ਹੋਣ ਦੇ ਬਾਵਜੂਦ ਉਸ ਨੇ ਕਾਰ ਸਾਈਡ ‘ਤੇ ਲਗਾਈ, ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਦੋਸਤ ਨੇ ਕਿਹਾ ਕਿ ਉਹ ਉਸ ਦੀਆਂ ਬਾਹਾਂ ਵਿੱਚ ਦਮ ਤੋੜ ਗਿਆ। ਬਰਿੰਦਰ ਸਿੰਘ ਨੇ ਓਨਟਾਰੀਓ ਵਿੱਚ ਬਿਜ਼ਨਸ ਦੀ ਪੜਾਈ ਪੂਰੀ ਕੀਤੀ ਸੀ ਅਤੇ ਕੁਝ ਮਹੀਨੇ ਪਹਿਲਾਂ ਅਲਬਰਟਾ ਵਿੱਚ ਆ ਕੇ ਉਸਾਰੀ ਦੇ ਕੰਮ ਨਾਲ ਜੁੜ ਗਿਆ ਸੀ। ਘਟਨਾ ਵਾਲੇ ਦਿਨ ਉਹ ਆਪਣੇ ਬਚਪਨ ਦੇ ਦੋ ਦੋਸਤਾਂ ਨਾਲ ਛੁੱਟੀ ਮਨਾਉਣ ਲਈ ਬੈਨਫ ਵੱਲ ਜਾ ਰਿਹਾ ਸੀ। ਜਾਂਚ ਅਧਿਕਾਰੀਆਂ ਮੁਤਾਬਕ ਹੱਤਿਆ ਦੇ ਮਕਸਦ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਇਹ ਵੀ ਪੱਕਾ ਨਹੀਂ ਕਿ ਹਮਲਾ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਾਲਾਂਕਿ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਸਮੇਤ ਹਰ ਸੰਭਾਵਨਾ ਦੀ ਜਾਂਚ ਕੀਤੀ ਜਾ ਰਹੀ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਸੰਭਾਵਿਤ ਨਫ਼ਰਤੀ ਅਪਰਾਧ ਦੇ ਤੌਰ ‘ਤੇ ਵੀ ਜਾਂਚਿਆ ਜਾਵੇ। ਮ੍ਰਿਤਕ ਦੇ ਦੋਸਤ ਨੇ ਵੀ ਕਿਸੇ ਵਿਤਕਰੇ ਦੀ ਸੰਭਾਵਨਾ ਜਤਾਈ ਹੈ, ਕਿਉਂਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਪੁਰਾਣਾ ਵਿਵਾਦ ਨਹੀਂ ਸੀ। ਬਰਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
Leave a Reply