ਡੋਨਾਲਡ ਟਰੰਪ ਕੈਬਿਨੇਟ ਦੀ ਮੈਂਬਰ ਤੁਲਸੀ ਗੈਬਾਰਡ ਦਾ ਅਚਾਨਕ ਅਸਤੀਫਾ

ਡੋਨਾਲਡ ਟਰੰਪ ਕੈਬਿਨੇਟ ਦੀ ਮੈਂਬਰ ਤੁਲਸੀ ਗੈਬਾਰਡ ਦਾ ਅਚਾਨਕ ਅਸਤੀਫਾ

ਅਮਰੀਕਾ ਦੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਡੀਐਨਆਈ) ਤੁਲਸੀ ਗੈਬਾਰਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੰਤਰੀ ਮੰਡਲ ਦਾ ਹਿੱਸਾ ਸਨ। ਉਨ੍ਹਾਂ ਦਾ ਅਸਤੀਫਾ 30 ਜੂਨ 2026 ਤੋਂ ਲਾਗੂ ਮੰਨਿਆ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ, ਉਨ੍ਹਾਂ ਦੇ ਅਸਤੀਫੇ ਦਾ ਮੁੱਖ ਕਾਰਨ ਉਨ੍ਹਾਂ ਦੇ ਪਤੀ ਦੀ ਗੰਭੀਰ ਬਿਮਾਰੀ ਹੈ। ਤੁਲਸੀ ਗੈਬਾਰਡ ਨੇ ਆਪਣੇ ਪਤੀ ਅਬ੍ਰਾਹਮ ਵਿਲੀਅਮਜ਼ ਦੇ ਇਲਾਜ ਅਤੇ ਦੇਖਭਾਲ ਲਈ ਇਹ ਫੈਸਲਾ ਲਿਆ ਹੈ। ਅਬ੍ਰਾਹਮ ਵਿਲੀਅਮਜ਼ ਨੂੰ ਹੱਡੀਆਂ ਦੇ ਇੱਕ ਦੁਰਲੱਭ ਕੈਂਸਰ ਦੀ ਪਛਾਣ ਹੋਈ ਹੈ, ਜਿਸ ਤੋਂ ਬਾਅਦ ਗੈਬਾਰਡ ਨੇ ਆਪਣੇ ਪਰਿਵਾਰ ਨੂੰ ਪਹਿਲ ਦੇਣ ਦਾ ਨਿਰਣੈ ਕੀਤਾ। ਤੁਲਸੀ ਗੈਬਾਰਡ ਪਿਛਲੇ ਡੇਢ ਸਾਲ ਤੋਂ ਅਮਰੀਕੀ ਰਾਸ਼ਟਰੀ ਖੁਫੀਆ ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਉਹ ਅਮਰੀਕਾ ਦੀਆਂ 18 ਖੁਫੀਆ ਏਜੰਸੀਆਂ ਦੀ ਅਗਵਾਈ ਕਰ ਰਹੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਓਵਲ ਦਫ਼ਤਰ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਸੌਂਪਿਆ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ 30 ਜੂਨ 2026 ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਤੁਲਸੀ ਗੈਬਾਰਡ ਅਮਰੀਕੀ ਕਾਂਗਰਸ ਵਿੱਚ ਸੇਵਾ ਨਿਭਾਉਣ ਵਾਲੀ ਪਹਿਲੀ ਹਿੰਦੂ ਨੇਤਾ ਹਨ। ਉਨ੍ਹਾਂ ਦੇ ਅਚਾਨਕ ਅਸਤੀਫੇ ਨੂੰ ਟਰੰਪ ਪ੍ਰਸ਼ਾਸਨ ਲਈ ਇੱਕ ਵੱਡਾ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਝਟਕਾ ਮੰਨਿਆ ਜਾ ਰਿਹਾ ਹੈ।