8 ਸਾਲ ਦੀ ਉਮਰ ’ਚ ਸਕੂਲ ਦੇ ਡਰੋਂ ਘਰੋਂ ਭੱਜ ਗਏ ਸਨ ਦਿਲਜੀਤ ਦੋਸਾਂਝ, ਨਾਲ ਲੈ ਗਏ ਸਨ ਕੇਲੇ ਤੇ ਸਾਈਕਲ
- ਪੰਜਾਬ
- (Asia/Kolkata)
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਬਚਪਨ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਉਹ ਸਕੂਲ ਵਿੱਚ ਪੈਦਾ ਹੋਈ ਇੱਕ ਸਥਿਤੀ ਕਾਰਨ ਇੰਨੇ ਘਬਰਾ ਗਏ ਸਨ ਕਿ ਘਰੋਂ ਭੱਜਣ ਦਾ ਫ਼ੈਸਲਾ ਕਰ ਲਿਆ ਸੀ। ਇਸ ਦੌਰਾਨ ਉਹ ਆਪਣੇ ਨਾਲ ਦੋ ਕੇਲੇ, ਕੁਝ ਫਲ ਅਤੇ ਸਾਈਕਲ ਲੈ ਕੇ ਨਿਕਲ ਪਏ ਸਨ।
ਇੱਕ ਪੋਡਕਾਸਟ ਵਿੱਚ ਗੱਲਬਾਤ ਕਰਦਿਆਂ ਦਿਲਜੀਤ ਨੇ ਦੱਸਿਆ ਕਿ ਸਕੂਲ ਦੇ ਕੁਝ ਸੀਨੀਅਰ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਹ ਕਿਸ ਲੜਕੀ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੇ ਇੱਕ ਲੜਕੀ ਵੱਲ ਇਸ਼ਾਰਾ ਕੀਤਾ ਤਾਂ ਸੀਨੀਅਰ ਵਿਦਿਆਰਥੀਆਂ ਨੇ ਮਜ਼ਾਕ ਵਿੱਚ ਕਹਿ ਦਿੱਤਾ ਕਿ ਹੁਣ ਉਨ੍ਹਾਂ ਨੂੰ ਉਸ ਲੜਕੀ ਨਾਲ ਵਿਆਹ ਕਰਨਾ ਪਵੇਗਾ।
ਦਿਲਜੀਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ 'ਡਨ' ਕਹਿ ਦਿੱਤਾ ਅਤੇ ਸਿੱਧੇ ਉਸ ਲੜਕੀ ਕੋਲ ਪਹੁੰਚ ਗਏ। ਉਨ੍ਹਾਂ ਨੇ ਲੜਕੀ ਨੂੰ ਕਿਹਾ ਕਿ ਉਹ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਉਸ ਨੂੰ ਪਸੰਦ ਕਰਦੇ ਹਨ। ਹਾਲਾਂਕਿ, ਲੜਕੀ ਨੇ ਇਹ ਗੱਲ ਅਧਿਆਪਕ ਨੂੰ ਦੱਸ ਦਿੱਤੀ। ਇਸ ਤੋਂ ਬਾਅਦ ਦਿਲਜੀਤ ਨੂੰ ਆਪਣੇ ਮਾਪਿਆਂ ਨੂੰ ਸਕੂਲ ਲਿਆਉਣ ਲਈ ਕਿਹਾ ਗਿਆ।
ਗਾਇਕ ਨੇ ਦੱਸਿਆ ਕਿ ਇਹ ਸੁਣ ਕੇ ਉਹ ਬਹੁਤ ਘਬਰਾ ਗਏ ਸਨ। ਉਨ੍ਹਾਂ ਦੇ ਮਨ ਵਿੱਚ ਖ਼ਿਆਲ ਆਇਆ ਕਿ ਹੁਣ ਤਾਂ ਸਭ ਕੁਝ ਖ਼ਤਮ ਹੋ ਗਿਆ ਅਤੇ ਘਰ ਵਿੱਚ ਵੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਇਸੇ ਡਰ ਕਾਰਨ ਉਨ੍ਹਾਂ ਨੇ ਸਕੂਲ ਜਾਣ ਅਤੇ ਮਾਪਿਆਂ ਨੂੰ ਬੁਲਾਉਣ ਦੀ ਸਥਿਤੀ ਤੋਂ ਬਚਣ ਲਈ ਘਰ ਛੱਡਣ ਦਾ ਫ਼ੈਸਲਾ ਕਰ ਲਿਆ।
ਦਿਲਜੀਤ ਮੁਤਾਬਕ, ਉਨ੍ਹਾਂ ਨੇ ਚੁੱਪਚਾਪ ਫਰਿੱਜ ਵਿੱਚੋਂ ਦੋ ਕੇਲੇ ਅਤੇ ਕੁਝ ਹੋਰ ਫਲ ਲਏ, ਆਪਣੀ ਸਾਈਕਲ ਚੁੱਕੀ ਅਤੇ ਕਿਸੇ ਨੂੰ ਦੱਸੇ ਬਿਨਾਂ ਘਰੋਂ ਨਿਕਲ ਗਏ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਉਹ ਬਿਨਾਂ ਇਜਾਜ਼ਤ ਦੇ ਇਕੱਲੇ ਘਰੋਂ ਬਾਹਰ ਗਏ ਸਨ।
ਉਹ ਸਾਈਕਲ ਚਲਾਉਂਦੇ ਹੋਏ ਖੇਤਾਂ ਵੱਲ ਚਲੇ ਗਏ, ਪਰ ਹਾਲੇ ਪੰਜ ਮਿੰਟ ਹੀ ਬੀਤੇ ਸਨ ਕਿ ਪਿੰਡ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਰੋਕ ਲਿਆ। ਉਸ ਵਿਅਕਤੀ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਵਾਪਸ ਘਰ ਜਾਣ ਲਈ ਕਿਹਾ। ਇਸ ਘਟਨਾ ਨੂੰ ਯਾਦ ਕਰਦਿਆਂ ਦਿਲਜੀਤ ਨੇ ਪਿੰਡਾਂ ਦੇ ਪੁਰਾਣੇ ਸਮਾਜਿਕ ਮਾਹੌਲ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਵਿੱਚ ਲੋਕ ਇੱਕ-ਦੂਜੇ ਦੇ ਬੱਚਿਆਂ ਨੂੰ ਆਪਣਾ ਸਮਝਦੇ ਸਨ ਅਤੇ ਉਨ੍ਹਾਂ ਨੂੰ ਗਲਤ ਕੰਮ ਕਰਨ ਤੋਂ ਰੋਕਦੇ ਸਨ। ਜੇ ਕੋਈ ਵੱਡਾ ਕਿਸੇ ਬੱਚੇ ਨੂੰ ਝਿੜਕ ਦਿੰਦਾ ਜਾਂ ਥੱਪੜ ਮਾਰ ਦਿੰਦਾ ਸੀ ਤਾਂ ਪਰਿਵਾਰ ਆਮ ਤੌਰ ’ਤੇ ਇਸ ਨੂੰ ਵੱਡਾ ਵਿਵਾਦ ਨਹੀਂ ਬਣਾਉਂਦੇ ਸਨ। ਉਨ੍ਹਾਂ ਮੁਤਾਬਕ, ਅੱਜ ਦੇ ਸਮੇਂ ਵਿੱਚ ਜੇ ਕੋਈ ਦੂਜਾ ਵਿਅਕਤੀ ਬੱਚੇ ਦੇ ਵਿਹਾਰ ’ਤੇ ਸਵਾਲ ਉਠਾਉਂਦਾ ਹੈ ਤਾਂ ਮਾਪੇ ਜਾਂ ਬੱਚੇ ਇਸ ਦਾ ਬੁਰਾ ਮਨਾ ਸਕਦੇ ਹਨ।
ਪਿੰਡ ਦੇ ਵਿਅਕਤੀ ਵੱਲੋਂ ਵਾਪਸ ਭੇਜੇ ਜਾਣ ਤੋਂ ਬਾਅਦ ਦਿਲਜੀਤ ਘਰ ਤਾਂ ਪਰਤ ਆਏ, ਪਰ ਉਨ੍ਹਾਂ ਨੇ ਸਕੂਲ ਵੱਲੋਂ ਮਾਪਿਆਂ ਨੂੰ ਬੁਲਾਉਣ ਦੀ ਗੱਲ ਪਰਿਵਾਰ ਨੂੰ ਨਹੀਂ ਦੱਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਗਲੇ ਦੋ ਦਿਨ ਸਕੂਲ ਜਾਣ ਤੋਂ ਵੀ ਗੁਰੇਜ਼ ਕੀਤਾ ਅਤੇ ਪੇਟ ਦਰਦ ਹੋਣ ਦਾ ਬਹਾਨਾ ਬਣਾਇਆ।
ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਆਪਣੇ ਰੁਪੇ ਔਰਾ ਇੰਡੀਆ ਟੂਰ (RuPay Aura India Tour) ਤਹਿਤ 12 ਦਸੰਬਰ ਨੂੰ ਚੰਡੀਗੜ੍ਹ ਵਿੱਚ ਪੇਸ਼ਕਾਰੀ ਕਰਨ ਜਾ ਰਹੇ ਹਨ।
Leave a Reply