ਸਤਲੁਜ ਅਰਦਾਸ ਸਮਾਗਮ: ਲਾਪਤਾ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਲੈ ਕੇ ਹਰੀਕੇ ਪਹੁੰਚੇ ਪੀੜਤ ਪਰਿਵਾਰ
- ਪੰਜਾਬ
- (Asia/Kolkata)
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ 'ਤੇ ਤਰਨ ਤਾਰਨ ਦੇ ਹਰੀਕੇ ਪੱਤਣ ਸਥਿਤ ਹਰੀਕੇ ਹੈੱਡ ਵਰਕਸ ਦੇ ਕੰਢੇ ਸਮੂਹ ਸਿੱਖ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਣ ਦੀ ਅਰਦਾਸ ਲਈ ਵਿਸ਼ੇਸ਼ ਅਰਦਾਸ ਸਮਾਗਮ ਸ਼ੁਰੂ ਹੋ ਗਿਆ ਹੈ। ਇਸ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤ ਅਤੇ ਪ੍ਰਭਾਵਿਤ ਪਰਿਵਾਰ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸਿੰਘ ਸਾਹਿਬ ਜਥੇਦਾਰ ਵੱਲੋਂ ਅਰਦਾਸ ਨਾਲ ਕੀਤੀ ਗਈ। ਇਸ ਤੋਂ ਬਾਅਦ ਮੁੱਖ ਵਾਕ ਦਾ ਹੁਕਮਨਾਮਾ ਲਿਆ ਗਿਆ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ। ਇਸ ਮੌਕੇ 1980 ਅਤੇ 1990 ਦੇ ਦਹਾਕਿਆਂ ਦੌਰਾਨ ਲਾਪਤਾ ਹੋਏ ਨੌਜਵਾਨਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਪਰਿਵਾਰ ਵੀ ਆਪਣੇ ਪਿਆਰਿਆਂ ਦੀਆਂ ਤਸਵੀਰਾਂ ਹੱਥਾਂ ਵਿੱਚ ਫੜ ਕੇ ਸਮਾਗਮ ਵਿੱਚ ਪਹੁੰਚੇ। ਭਾਵੁਕ ਮਾਹੌਲ ਵਿੱਚ ਇਨ੍ਹਾਂ ਪਰਿਵਾਰਾਂ ਨੇ ਆਪਣੇ ਲਾਪਤਾ ਜੀਆਂ ਲਈ ਇਨਸਾਫ਼ ਦੀ ਉਮੀਦ ਜਤਾਈ। 'ਸਤਲੁਜ' ਫ਼ਿਲਮ ਵਿਵਾਦ ਦਰਮਿਆਨ ਕਰਵਾਇਆ ਗਿਆ ਸਮਾਗਮ ਇਹ ਅਰਦਾਸ ਸਮਾਗਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਜਿਹੇ ਸਮੇਂ ਸੱਦਿਆ ਗਿਆ ਹੈ ਜਦੋਂ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਸਤਲੁਜ' (ਪਹਿਲਾਂ 'ਪੰਜਾਬ 95') ਨੂੰ ਲੈ ਕੇ ਵਿਵਾਦ ਜਾਰੀ ਹੈ। ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ, ਜਿਨ੍ਹਾਂ ਨੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਥਿਤ ਝੂਠੇ ਪੁਲੀਸ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਨਾਲ ਸਬੰਧਤ ਮਾਮਲਿਆਂ ਨੂੰ ਦੁਨੀਆ ਸਾਹਮਣੇ ਲਿਆਂਦਾ ਸੀ। ਸਤੰਬਰ 1995 ਵਿੱਚ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰੀ ਅਤੇ ਪੁਲੀਸ ਅੱਤਿਆਚਾਰਾਂ ਦਾ ਸ਼ਿਕਾਰ ਹੋਏ ਬੇਗੁਨਾਹ ਨੌਜਵਾਨਾਂ, ਔਰਤਾਂ ਅਤੇ ਬੱਚਿਆਂ ਲਈ ਅੱਜ ਤੱਕ ਕੋਈ ਸਾਂਝੀ ਅਰਦਾਸ ਨਹੀਂ ਕੀਤੀ ਗਈ ਸੀ। ਇਸੇ ਕਾਰਨ ਸਤਲੁਜ ਦਰਿਆ ਦੇ ਕੰਢੇ ਇਹ ਇਤਿਹਾਸਕ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਵੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ 1980 ਅਤੇ 1990 ਦੇ ਦਹਾਕਿਆਂ ਦੌਰਾਨ ਲਾਪਤਾ ਹੋਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ (ਪੀਪਲਜ਼ ਕਮਿਸ਼ਨ) ਦਾ ਗਠਨ ਕੀਤਾ ਜਾਵੇ।
Leave a Reply