ਅਮਰੀਕਾ ’ਚ ਪ੍ਰੇਮਿਕਾ ਦੇ ਕਤਲ ਦੇ ਦੋਸ਼ ’ਚ ਭਾਰਤੀ ਵਿਦਿਆਰਥੀ ਜਰਮਨੀ ’ਚ ਗ੍ਰਿਫ਼ਤਾਰ
- ਵਿਦੇਸ਼
- (Asia/Kolkata)
ਅਮਰੀਕਾ ਦੇ ਅਰੀਜ਼ੋਨਾ ਸੂਬੇ ਦੇ ਟਕਸਨ ਵਿੱਚ ਆਪਣੀ 19 ਸਾਲਾ ਅਮਰੀਕੀ ਪ੍ਰੇਮਿਕਾ ਦੇ ਕਤਲ ਦੇ ਦੋਸ਼ ਵਿੱਚ 20 ਸਾਲਾ ਭਾਰਤੀ ਵਿਦਿਆਰਥੀ ਵਰੁਣ ਬੈਚੀਗਾਰੀ ਨੂੰ ਜਰਮਨੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ ਹੈ ਕਿ ਵਰੁਣ ਨੇ 6 ਅਗਸਤ ਨੂੰ ਆਪਣੀ ਪ੍ਰੇਮਿਕਾ ਜੁਲਿਸਾ ਰੂਬੀ ਸਾਲਾਜ਼ਾਰ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਇਸ ਤੋਂ ਬਾਅਦ ਭਾਰਤ ਭੱਜਣ ਦੀ ਕੋਸ਼ਿਸ਼ ਕੀਤੀ। ਵਰੁਣ ਯੂਨੀਵਰਸਿਟੀ ਆਫ਼ ਅਰੀਜ਼ੋਨਾ ਵਿੱਚ ਬਿਜ਼ਨਸ ਐਨਾਲਿਟਿਕਸ ਦਾ ਵਿਦਿਆਰਥੀ ਰਹਿ ਚੁੱਕਾ ਹੈ। ਕਤਲ ਤੋਂ ਬਾਅਦ ਉਹ ਭਾਰਤ ਜਾਣ ਲਈ ਜਰਮਨੀ ਦੀ ਫਲਾਈਟ ’ਤੇ ਸਵਾਰ ਹੋਇਆ ਸੀ, ਪਰ ਜਰਮਨੀ ਪਹੁੰਚਦੇ ਹੀ ਉਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਟਕਸਨ ਪੁਲੀਸ ਵਿਭਾਗ (TPD) ਮੁਤਾਬਕ, ਕਤਲ ਤੋਂ ਬਾਅਦ ਵਰੁਣ ਨੇ ਜੁਲਿਸਾ ਦਾ ਮੋਬਾਈਲ ਫ਼ੋਨ ਅਤੇ ਕ੍ਰੈਡਿਟ ਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ। ਮਾਮਲੇ ਨੂੰ ਲੁਕਾਉਣ ਲਈ ਉਹ ਕਥਿਤ ਤੌਰ ’ਤੇ ਜੁਲਿਸਾ ਬਣ ਕੇ ਉਸ ਦੀ ਮਾਂ ਨੂੰ ਮੈਸੇਜ ਭੇਜਦਾ ਰਿਹਾ। ਹਾਲਾਂਕਿ, ਮੈਸੇਜਾਂ ਦੀ ਭਾਸ਼ਾ ’ਤੇ ਪਰਿਵਾਰ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਹ ਮੈਸੇਜ ਪੁਲੀਸ ਨੂੰ ਭੇਜ ਦਿੱਤੇ। ਇਸ ਤੋਂ ਬਾਅਦ ਟਕਸਨ ਫਾਇਰ ਡਿਪਾਰਟਮੈਂਟ ਦੀ ਟੀਮ ਅਪਾਰਟਮੈਂਟ ਪਹੁੰਚੀ। ਉੱਥੇ ਜੁਲਿਸਾ ਦੀ ਲਾਸ਼ ਮਿਲੀ, ਜੋ ਧੌਣ ਤੱਕ ਕੰਬਲ ਨਾਲ ਢੱਕੀ ਹੋਈ ਸੀ। ਉਸ ਦੀ ਧੌਣ ’ਤੇ ਗਲਾ ਘੁੱਟਣ ਦੇ ਨਿਸ਼ਾਨ ਵੀ ਮਿਲੇ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਟਕਸਨ ਪੁਲੀਸ ਨੇ ਅਦਾਲਤ ਤੋਂ ਵਰੁਣ ਖ਼ਿਲਾਫ਼ ਫ਼ਰਸਟ-ਡਿਗਰੀ ਮਰਡਰ ਅਤੇ ਅਗਵਾ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਇਸ ਤੋਂ ਬਾਅਦ ਟਕਸਨ ਪੁਲੀਸ, ਐੱਫ.ਬੀ.ਆਈ. ਅਤੇ ਬਰਲਿਨ ਸਥਿਤ ਲੀਗਲ ਅਟੈਚੀ ਦਫ਼ਤਰ ਨੇ ਆਪਸੀ ਤਾਲਮੇਲ ਨਾਲ ਕਾਰਵਾਈ ਕੀਤੀ ਅਤੇ ਵਰੁਣ ਨੂੰ ਜਰਮਨੀ ਦੇ ਹਵਾਈ ਅੱਡੇ ’ਤੇ ਹੀ ਹਿਰਾਸਤ ਵਿੱਚ ਲੈ ਲਿਆ। ਇਸ ਕਾਰਵਾਈ ਨਾਲ ਉਸ ਦਾ ਭਾਰਤ ਜਾਣ ਦਾ ਕਥਿਤ ਪਲਾਨ ਨਾਕਾਮ ਹੋ ਗਿਆ। ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜੁਲਿਸਾ ਵਰੁਣ ਦੇ ਹਿੰਸਕ ਵਿਵਹਾਰ ਤੋਂ ਪਰੇਸ਼ਾਨ ਸੀ ਅਤੇ ਉਸ ਨਾਲ ਰਿਸ਼ਤਾ ਖ਼ਤਮ ਕਰਨਾ ਚਾਹੁੰਦੀ ਸੀ। ਦੱਸਿਆ ਗਿਆ ਹੈ ਕਿ ਵਰੁਣ ਦਾ ਪਹਿਲਾਂ ਵੀ ਕੁੱਟਮਾਰ ਦਾ ਰਿਕਾਰਡ ਰਿਹਾ ਹੈ ਅਤੇ ਉਸ ਨੂੰ ਯੂਨੀਵਰਸਿਟੀ ਤੋਂ ਵੀ ਕੱਢ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਔਰਤ ਨੇ ਵੀ ਉਸ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਫਿਲਹਾਲ ਵਰੁਣ ਜਰਮਨੀ ਦੀ ਹਿਰਾਸਤ ਵਿੱਚ ਹੈ। ਉਸ ਨੂੰ ਅਮਰੀਕਾ ਦੇ ਅਰੀਜ਼ੋਨਾ ਸੂਬੇ ਵਿੱਚ ਵਾਪਸ ਭੇਜਣ ਲਈ ਡਿਪੋਰਟੇਸ਼ਨ ਦੀ ਕਾਰਵਾਈ ਚੱਲ ਰਹੀ ਹੈ।
Leave a Reply