ਕਾਰੋਬਾਰੀ ਦੇ ਪੁੱਤਰ ’ਤੇ ਲੱਗੇ ਦੋਸ਼ਾਂ ਵਿਚਕਾਰ ਵਕੀਲ ਦੀ ਸਫਾਈ
- ਦੇਸ਼
- (Asia/Kolkata)
ਐੱਫਆਈਆਰ ’ਚ ਸ਼ਿਵਮ ਮਿਸ਼ਰਾ ਦਾ ਨਾਮ ਸ਼ਾਮਲ: ਪੁਲੀਸ ਕਮਿਸ਼ਨਰ ਕਾਨਪੁਰ ਦੇ ਪੁਲੀਸ ਕਮਿਸ਼ਨਰ ਰਘੁਬੀਰ ਲਾਲ ਨੇ ਦੱਸਿਆ ਕਿ VIP ਰੋਡ 'ਤੇ ਹੋਏ ਲੈਂਬੋਰਗਿਨੀ ਕਾਰ ਹਾਦਸੇ ਦੀ ਜਾਂਚ ਜਾਰੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਮੁਲਜ਼ਮ ਸ਼ਿਵਮ ਮਿਸ਼ਰਾ ਦਾ ਨਾਮ ਹੁਣ FIR ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਪੁਲੀਸ ਕਮਿਸ਼ਨਰ ਮੁਤਾਬਕ ਪਹਿਲਾਂ ਸ਼ਿਵਮ ਦਾ ਨਾਮ ਕੇਸ ਵਿੱਚ ਨਹੀਂ ਸੀ, ਪਰ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਬਾਅਦ ਉਸ ਨੂੰ ਨਾਮਜ਼ਦ ਕੀਤਾ ਗਿਆ ਹੈ। ਜਦੋਂ ਪੁਲੀਸ ਉਸ ਦੇ ਘਰ ਪੁੱਛਗਿੱਛ ਲਈ ਗਈ, ਤਾਂ ਪਰਿਵਾਰ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਦਾਖਲ ਹੈ। ਸ਼ਿਵਮ ਦੇ ਪਿਤਾ ਨੇ ਪੁਲੀਸ ਨੂੰ ਜਾਂਚ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਪੁਲੀਸ ਕਮਿਸ਼ਨਰ ਨੇ ਸਾਫ਼ ਕੀਤਾ ਕਿ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੁਲੀਸ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਹਾਦਸੇ ਸਮੇਂ ਸ਼ਿਵਮ ਮਿਸ਼ਰਾ ਹੀ ਕਾਰ ਚਲਾ ਰਿਹਾ ਸੀ। ਦੂਜੇ ਪਾਸੇ ਸ਼ਿਵਮ ਦੇ ਵਕੀਲ ਮ੍ਰਿਤੁੰਜੇ ਕੁਮਾਰ ਨੇ ਦਾਅਵਾ ਕੀਤਾ ਕਿ ਸ਼ਿਵਮ ਕਾਰ ਨਹੀਂ ਚਲਾ ਰਿਹਾ ਸੀ, ਸਗੋਂ ਉਸ ਦਾ ਡਰਾਈਵਰ ਮੋਹਨ ਗੱਡੀ ਚਲਾ ਰਿਹਾ ਸੀ। ਵਕੀਲ ਨੇ ਇਸ ਘਟਨਾ ਨੂੰ ਗੁਨਾਹ ਦੀ ਬਜਾਏ ਹਾਦਸੇ ਵਜੋਂ ਦੇਖਣ ਦੀ ਅਪੀਲ ਕਰਦਿਆਂ ਕਿਹਾ "ਕਾਰ ਡਰਾਈਵਰ ਵੱਲੋਂ ਚਲਾਈ ਜਾ ਰਹੀ ਸੀ, ਨਾ ਕਿ ਸ਼ਿਵਮ ਮਿਸ਼ਰਾ ਵੱਲੋਂ। ਅਸੀਂ ਅਦਾਲਤ ਦੇ ਸਾਹਮਣੇ ਤੱਥ ਅਤੇ ਸਬੂਤ ਪੇਸ਼ ਕਰਾਂਗੇ।" ਪੁਲੀਸ ਨੇ ਹਾਦਸੇ ਵਿੱਚ ਸ਼ਾਮਲ ਲੈਂਬੋਰਗਿਨੀ ਕਾਰ ਨੂੰ ਜ਼ਬਤ ਕਰ ਲਿਆ ਹੈ। ਇਸ ਹਾਦਸੇ ਵਿੱਚ ਇੱਕ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕੁਝ ਰਾਹਗੀਰ ਜ਼ਖ਼ਮੀ ਹੋਏ। ਇੱਕ ਵਿਅਕਤੀ ਦੀ ਲੱਤ ਅਤੇ ਗਿੱਟੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਚਸ਼ਮਦੀਦਾਂ ਮੁਤਾਬਕ, ਐਤਵਾਰ ਦੁਪਹਿਰ ਨੂੰ ਝੂਲਾ ਪਾਰਕ ਕਰਾਸਿੰਗ ਨੇੜੇ ਇੱਕ ਤੇਜ਼ ਰਫ਼ਤਾਰ ਲੈਂਬੋਰਗਿਨੀ ਨੇ ਪਹਿਲਾਂ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਫਿਰ ਰਾਹਗੀਰਾਂ 'ਤੇ ਚੜ੍ਹ ਗਈ। ਚਸ਼ਮਦੀਦ ਸਤਵੇਂਦਰ ਸਿੰਘ ਚੰਦੇਲ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਕਾਰ ਸਵਾਰ ਦੇ ਬਾਊਂਸਰਾਂ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਕੱਢਿਆ ਅਤੇ ਦੂਜੀ ਕਾਰ ਵਿੱਚ ਬਿਠਾ ਕੇ ਫ਼ਰਾਰ ਹੋ ਗਏ। ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। DCP ਅਤੁਲ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ।
Leave a Reply