ਝੋਟਾ ਕਤਲ ਮਾਮਲੇ ਵਿੱਚ ਧਾਲੀਵਾਲ ਨੇ ਲਾਏ ਦੋਸ਼, ਪੁੱਛਿਆ—ਮਾਨ ਸਰਕਾਰ ਨਸ਼ਾ ਰੋਕ ਰਹੀ ਹੈ ਜਾਂ ਰੋਕਣ ਵਾਲਿਆਂ ਨੂੰ ਹੀ ਰੋਕ ਰਹੀ ਹੈ?

ਝੋਟਾ ਕਤਲ ਮਾਮਲੇ ਵਿੱਚ ਧਾਲੀਵਾਲ ਨੇ ਲਾਏ ਦੋਸ਼, ਪੁੱਛਿਆ—ਮਾਨ ਸਰਕਾਰ ਨਸ਼ਾ ਰੋਕ ਰਹੀ ਹੈ ਜਾਂ ਰੋਕਣ ਵਾਲਿਆਂ ਨੂੰ ਹੀ ਰੋਕ ਰਹੀ ਹੈ?

ਦਿਨ-ਦਿਹਾੜੇ ਹੋਏ ਕਤਲ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਖੋਲ੍ਹੀ ਪੋਲ: ਬਲਵਿੰਦਰ ਧਾਲੀਵਾਲ
 

( ਸਤ ਪ੍ਰਕਾਸ਼ ਸਿੰਘ ਸੱਗੂ)
 

ਸਾਬਕਾ ਆਈਏਐੱਸ ਅਧਿਕਾਰੀ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਸਖ਼ਤ ਨਿੰਦਾ ਕਰਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਧਾਲੀਵਾਲ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਕਾਰੋਬਾਰ ’ਤੇ ਪ੍ਰਭਾਵਸ਼ਾਲੀ ਕੰਟਰੋਲ ਨਾ ਹੋਣ ਕਾਰਨ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਜਨਤਾ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ’ਤੇ ਭਰੋਸਾ ਕਿਵੇਂ ਕਰ ਸਕਦੀ ਹੈ? ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਨਿਸ਼ਾਨੇ ’ਤੇ ਲੈਂਦਿਆਂ ਧਾਲੀਵਾਲ ਨੇ ਕਿਹਾ ਕਿ ਵੱਡੇ-ਵੱਡੇ ਦਾਅਵਿਆਂ ਅਤੇ ਪ੍ਰਚਾਰ ਦੇ ਬਾਵਜੂਦ ਨਸ਼ਿਆਂ ਦੀ ਸਮੱਸਿਆ ’ਤੇ ਕੋਈ ਨਿਰਣਾਇਕ ਕਾਬੂ ਪੈਂਦਾ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਸਵਾਲ ਕੀਤਾ, “ਸਰਕਾਰ ਨਸ਼ਾ ਰੋਕ ਰਹੀ ਹੈ ਜਾਂ ਰੋਕਣ ਵਾਲਿਆਂ ਨੂੰ ਹੀ ਰੋਕ ਰਹੀ ਹੈ?” ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫ਼ਲਤਾ ਸਿਰਫ਼ ਐਲਾਨਾਂ, ਗ੍ਰਿਫ਼ਤਾਰੀਆਂ ਅਤੇ ਪ੍ਰਚਾਰ ਨਾਲ ਨਹੀਂ, ਸਗੋਂ ਨਸ਼ਿਆਂ ਦੀ ਸਪਲਾਈ ਰੋਕਣ, ਤਸਕਰੀ ਦੇ ਨੈੱਟਵਰਕ ਵਿਰੁੱਧ ਕਾਰਵਾਈ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਠੋਸ ਨਤੀਜਿਆਂ ਨਾਲ ਸਾਬਤ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਮੌਜੂਦਾ ਹਾਲਾਤ ਸਰਕਾਰ ਦੀ ਮੁਹਿੰਮ ਦੀ ਪ੍ਰਭਾਵਸ਼ੀਲਤਾ ’ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪਰਮਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਰਫ਼ ਨਾਅਰਿਆਂ ਅਤੇ ਮੁਹਿੰਮਾਂ ਦੀ ਨਹੀਂ, ਸਗੋਂ ਜਵਾਬਦੇਹ ਪ੍ਰਸ਼ਾਸਨ, ਪ੍ਰਭਾਵਸ਼ਾਲੀ ਪੁਲਿਸ ਕਾਰਵਾਈ ਅਤੇ ਜ਼ਮੀਨੀ ਪੱਧਰ ’ਤੇ ਦਿਖਾਈ ਦੇਣ ਵਾਲੇ ਨਤੀਜਿਆਂ ਦੀ ਲੋੜ ਹੈ।