ਸੇਵਾ ਮੁਕਤ ਅਧਿਆਪਕ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲਾ ਵਿਦਿਆਰਥੀ ਗ੍ਰਿਫਤਾਰ

ਸੇਵਾ ਮੁਕਤ ਅਧਿਆਪਕ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲਾ ਵਿਦਿਆਰਥੀ ਗ੍ਰਿਫਤਾਰ

ਬਠਿੰਡਾ - ਬਠਿੰਡਾ ਪੁਲਿਸ ਨੇ ਰਾਮਪੁਰਾ ਫੂਲ ਦੇ ਰਹਿਣ ਵਾਲੇ ਸੇਵਾ ਮੁਕਤ ਅਧਿਆਪਕ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਕਥਿਤ ਦੋਸ਼ੀ ਨੇ ਅਧਿਆਪਕ ਨੂੰ ਡਰਾਉਣ ਲਈ ਉਸ ਦੇ ਘਰ ਅੱਗੇ ਫਾਈਰਿੰਗ ਵੀ ਕੀਤੀ। ਦੋਸ਼ੀ ਅਧਿਆਪਕ ਦਾ ਸਾਬਕਾ ਵਿਦਿਆਰਥੀ ਸੀ, ਜੋ ਸੇਲਬਰਾਹ ਦੇ ਸਕੂਲ ਵਿਚ ਪੜ੍ਹਦਾ ਰਿਹਾ ਹੈ ਅਤੇ ਅਧਿਆਪਕ ਦੇ ਪੈਸਿਆਂ ਦੀ ਜਾਣਕਾਰੀ ਰੱਖਦਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਪੜਤਾਲ ਲਈ ਉਨ੍ਹਾਂ ਦੀ ਅਗਵਾਈ ਹੇਠ ਇੱਕ ਟੀਮ ਗਠਿਤ ਕੀਤੀ ਗਈ ਸੀ। 14 ਦਸੰਬਰ ਦੀ ਸ਼ਾਮ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਅਧਿਆਪਕ ਦੇ ਘਰ ਫਿਰੌਤੀ ਲੈਣ ਸਬੰਧੀ ਧਮਕੀ ਭਰੀ ਚਿੱਠੀ ਸੁੱਟੀ ਸੀ, ਜਿਸ ਵਿਚ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਉਸਨੇ ਚਿੱਠੀ ਵਿੱਚ ਫਿਰੌਤੀ ਨਾ ਦੇਣ ’ਤੇ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਸੀ। ਪੁਲਿਸ ਨੇ ਜਾਂਚ ਦੇ ਬਾਅਦ ਸਤਨਾਮ ਸਿੰਘ ਉਰਫ ਧਰਮਾ ਪੁੱਤਰ ਜੁਗਰਾਜ ਸਿੰਘ ਵਾਸੀ ਕਾਲੋਕੇ ਨੂੰ ਗ੍ਰਿਫਤਾਰ ਕਰ ਲਿਆ। ਉਸ ਕੋਲੋਂ 12 ਬੋਰ ਦੀ ਦੇਸੀ ਪਿਸਤੌਲ, ਤਿੰਨ ਜਿੰਦਾ ਕਾਰਤੂਸ, ਦੋ ਮੋਬਾਇਲ ਫੋਨ ਅਤੇ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਹੋਏ ਹਨ। ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਜੇਠੂਕੇ ਪਿੰਡ ਨੇੜਿਓ ਖੋਹਿਆ ਗਿਆ ਸੀ। ਅਦਾਲਤ ਵਿਚ ਪੇਸ਼ ਕਰਕੇ ਉਸ ਤੋਂ ਅਗਲੀ ਪੜਤਾਲ ਕੀਤੀ ਜਾਵੇਗੀ ਕਿ ਉਸਨੇ ਦੇਸੀ ਪਿਸਤੌਲ ਕਿੱਥੋਂ ਹਾਸਲ ਕੀਤੀ ਸੀ।