ਬੰਟੀ ਸਿੱਧੂ ਵੱਲੋਂ ਪ੍ਰਧਾਨ ਸਮੇਤ ਨਵ-ਨਿਯੁਕਤ ਕੌਂਸਲਰਾਂ ਦਾ ਸਨਮਾਨ

ਬੰਟੀ ਸਿੱਧੂ ਵੱਲੋਂ ਪ੍ਰਧਾਨ ਸਮੇਤ ਨਵ-ਨਿਯੁਕਤ ਕੌਂਸਲਰਾਂ ਦਾ ਸਨਮਾਨ

ਭਾਦਸੋਂ : ਸਿੱਧੂ ਫਲੋਰ ਮਿੱਲਜ ਭਾਦਸੋਂ ਵੱਲੋਂ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮਿੱਲ ਦੇ ਪ੍ਰਬੰਧ ਨਿਰਦੇਸ਼ਕ ਜਤਿੰਦਰ ਸਿੰਘ ਬੰਟੀ ਸਿੱਧੂ ਵੱਲੋਂ ਨਗਰ ਪੰਚਾਇਤ ਭਾਦਸੋਂ ਦੇ ਨਵ-ਨਿਯੁਕਤ ਪ੍ਰਧਾਨ ਮਧੂਬਾਲਾ ਦੇ ਪੁੱਤਰ ਆਪ ਆਗੂ ਸੈਂਕੀ ਸਿੰਗਲਾ ਤੇ ਸਮੂਹ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਬੰਟੀ ਸਿੱਧੂ ਨੇ ਕਿਹਾ ਕਿ ਨਵੀਂ ਨਗਰ ਪੰਚਾਇਤ ਤੇ ਸਮੁੱਚੇ ਸ਼ਹਿਰ ’ਤੇ ਇਲਾਕੇ ਨੂੰ ਬਹੁਤ ਵੱਡੀਆਂ ਆਸਾਂ ਹਨ। ਇਨ੍ਹਾਂ ਆਸਾਂ ਦੇ ਚੱਲਦਿਆਂ ਨਵੀਂ ਪੰਚਾਇਤ ਲਈ ਬਾਜ਼ਾਰ ਦੀ ਮਾਲਕੀ, ਸਰਕਾਰੀ ਕਾਲਜ, ਹਸਪਤਾਲ ਪ੍ਰਬੰਧਾਂ ’ਚ ਸੁਧਾਰ ਤੇ ਅੱਪਗ੍ਰੇਡ ਕਰਨ, ਪਾਰਕਾਂ ਨਾਲ ਸੁੰਦਰੀਕਰਨ ਤੇ ਸ਼ਹਿਰ ਦੀ ਸੁਰੱਖਿਆ ਵਰਗੇ ਮੁੱਦੇ ਇਕ ਚੁਣੌਤੀ ਵਾਂਗ ਹਨ, ਜਿਨ੍ਹਾਂ ਦੇ ਜਲਦੀ ਨੇਪਰੇ ਚੜ੍ਹਨ ਦੀ ਲੋਕਾਂ ਨੂੰ ਪ੍ਰਧਾਨ ਮਧੂ ਬਾਲਾ ਦੀ ਟੀਮ ਤੋਂ ਪੂਰਨ ਆਸ ਹੈ। ਕੌਂਸਲਰਾਂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿੱਚ ਉਹ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਹਰੇਕ ਵਾਰਡ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਕੀਤਾ ਜਾਵੇਗਾ। ਇਸ ਮੌਕੇ ਮਨਪ੍ਰੀਤ ਸਿੰਘ ਡਾਇਰੈਕਟਰ ਕਰਤਾਰ ਕੰਬਾਈਨ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ, ਕੌਂਸਲਰ ਪ੍ਰੇਮ ਲਾਲਕਾ, ਕੌਂਸਲਰ ਨਿਰਮਲਾ ਸੂਦ ਦੇ ਪੁੱਤਰ ਸੰਜੀਵ ਸੂਦ, ਕੌਂਸਲਰ ਅਰਸ਼ਦ ਮਲਿਕ, ਕੌਂਸਲਰ ਸਤਵਿੰਦਰ ਕੌਰ ਦੇ ਪਤੀ ਯਾਦਵਿੰਦਰ ਸਿੰਘ ਲਾਡੀ ਖੱਟੜਾ, ਵਪਾਰੀ ਆਗੂ ਡਿੰਪਲ ਅਗਰਵਾਲ, ਸਾਬਕਾ ਕੌਂਸਲਰ ਸਤਨਾਮ ਸੰਧੂ, ਭਿੰਦਾ ਢੀਂਡਸਾ, ਕਰਮਜੀਤ ਸਿੰਘ ਬੱਬੂ ਤੇ ਲਖਵਿੰਦਰ ਸਿੰਘ ਵਿਰਕ ਵੀ ਹਾਜ਼ਰ ਸਨ।