ਸ੍ਰੀ ਮੁਕਤਸਰ ਸਾਹਿਬ 'ਚ ਪ੍ਰਸ਼ਾਸਨਿਕ ਅਣਦੇਖੀ: ਬਦਹਾਲੀ ਦਾ ਸ਼ਿਕਾਰ ਹੋਇਆ ਮਾਤਾ ਭਾਗ ਕੌਰ ਪਾਰਕ, ਬੁੱਤਾਂ ਦੀ ਬੇਕਦਰੀ ਕਾਰਨ ਲੋਕਾਂ 'ਚ ਰੋਸ

ਸ੍ਰੀ ਮੁਕਤਸਰ ਸਾਹਿਬ 'ਚ ਪ੍ਰਸ਼ਾਸਨਿਕ ਅਣਦੇਖੀ: ਬਦਹਾਲੀ ਦਾ ਸ਼ਿਕਾਰ ਹੋਇਆ ਮਾਤਾ ਭਾਗ ਕੌਰ ਪਾਰਕ, ਬੁੱਤਾਂ ਦੀ ਬੇਕਦਰੀ ਕਾਰਨ ਲੋਕਾਂ 'ਚ ਰੋਸ

ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਦੇ ਕੇਂਦਰ ਵਿੱਚ ਸਥਿਤ ਮਾਤਾ ਭਾਗ ਕੌਰ ਪਾਰਕ ਸਰਕਾਰੀ ਅਤੇ ਪ੍ਰਸ਼ਾਸਨਿਕ ਅਣਦੇਖੀ ਕਾਰਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਨਗਰ ਕੌਂਸਲ ਦੇ ਅਧੀਨ ਆਉਂਦਾ ਇਹ ਪਾਰਕ, ਜੋ ਕਿਸੇ ਸਮੇਂ ਬਹੁਤ ਹੀ ਖ਼ੂਬਸੂਰਤ ਨਕਸ਼ੇ ਨਾਲ ਤਿਆਰ ਕੀਤਾ ਗਿਆ ਸੀ, ਦੇਖ-ਰੇਖ ਦੀ ਘਾਟ ਕਾਰਨ ਹੁਣ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਸਥਾਨਕ ਨਿਵਾਸੀਆਂ ਵਿਨੋਦ ਕੁਮਾਰ, ਗੁਰਦੇਵ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ ਪਾਰਕ ਵਿੱਚ ਸਫ਼ਾਈ ਅਤੇ ਲਾਈਟਾਂ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਪਾਰਕ ਦੀ ਚਾਰਦੀਵਾਰੀ ਦੇ ਅੰਦਰ ਹੀ ਸ਼ਹਿਰ ਦਾ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਹਰ ਪਾਸੇ ਬਦਬੂ ਅਤੇ ਗੰਦਗੀ ਫੈਲੀ ਹੋਈ ਹੈ। ਪਾਰਕ ਵਿੱਚ ਸਥਾਪਿਤ ਘੋੜੇ 'ਤੇ ਸਵਾਰ ਮਾਤਾ ਭਾਗ ਕੌਰ ਜੀ ਦਾ ਬੁੱਤ ਖੰਡਿਤ ਹੋ ਚੁੱਕਾ ਹੈ ਅਤੇ ਜੰਗ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਬੁੱਤਾਂ ਦੇ ਹੱਥਾਂ 'ਚੋਂ ਕਿਰਪਾਨਾਂ, ਢਾਲਾਂ ਅਤੇ ਹੋਰ ਸਾਮਾਨ ਗਾਇਬ ਹੈ। ਬੁੱਤਾਂ ਦੇ ਆਲੇ-ਦੁਆਲੇ ਜੰਗਲੀ ਝਾੜ-ਬੂਟੇ ਉੱਗ ਚੁੱਕੇ ਹਨ ਅਤੇ ਰਾਤ ਸਮੇਂ ਹਨੇਰਾ ਹੋਣ ਕਾਰਨ ਇਹ ਪਾਰਕ ਨਸ਼ੇੜੀਆਂ ਦਾ ਅੱਡਾ ਬਣ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਆਲੇ-ਦੁਆਲੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟ੍ਰੀਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਇਸ ਮੁੱਖ ਯਾਦਗਾਰੀ ਪਾਰਕ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਾਡੀ ਮਹਾਨ ਵਿਰਾਸਤ ਦੇ ਪ੍ਰਤੀਕ ਇਸ ਪਾਰਕ ਦੀ ਸਾਂਭ-ਸੰਭਾਲ ਲਈ ਫ਼ੌਰੀ ਤੌਰ 'ਤੇ ਠੋਸ ਕਦਮ ਚੁੱਕੇ ਜਾਣ। ਇਸ ਬਦਹਾਲੀ 'ਤੇ ਦੁੱਖ ਪ੍ਰਗਟ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਾਤਾ ਭਾਗ ਕੌਰ ਜੀ ਦਾ ਯੋਗਦਾਨ ਲਾਸਾਨੀ ਹੈ ਅਤੇ 'ਗਲਿਆਰਾ' ਪ੍ਰੋਜੈਕਟ ਤੋਂ ਪਹਿਲਾਂ ਇਸ ਯਾਦਗਾਰੀ ਪਾਰਕ ਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਜੇਕਰ ਲੋੜ ਪਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੀ ਇਸ ਦੀ ਸਾਂਭ-ਸੰਭਾਲ ਵਾਸਤੇ ਹਰ ਸੰਭਵ ਮਦਦ ਲਈ ਤਿਆਰ ਹੈ। ਦੂਜੇ ਪਾਸੇ, ਪਿਛਲੇ ਦਿਨੀਂ ਹੈਰੀਟੇਜ ਸਟ੍ਰੀਟ ਦਾ ਨੀਂਹ ਪੱਥਰ ਰੱਖਣ ਪਹੁੰਚੇ ਸੈਰ-ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਨੂੰ ਪਾਰਕ ਦੀ ਮੁੜ ਸੁਰਜੀਤੀ ਲਈ ਬਜਟ ਬਣਾ ਕੇ ਭੇਜਣ ਦੀ ਹਦਾਇਤ ਕੀਤੀ ਸੀ, ਤਾਂ ਜੋ ਲੋੜੀਂਦੇ ਫੰਡ ਜਾਰੀ ਕੀਤੇ ਜਾ ਸਕਣ। ਮਾਮਲੇ ਬਾਰੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ (ਈ.ਓ.) ਵਰੁਣ ਸਹੋਤਾ ਨੇ ਵਿਸ਼ਵਾਸ ਦਿਵਾਇਆ ਕਿ ਪਾਰਕ 'ਚੋਂ ਕੂੜੇ ਦਾ ਡੰਪ ਜਲਦ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਲਈ ਪੁਲੀਸ ਦੀ ਮਦਦ ਨਾਲ ਪਾਰਕ ਅੰਦਰ ਪੁਲੀਸ ਕਮਰਾ ਬਣਾਇਆ ਜਾਵੇਗਾ ਅਤੇ ਬੁੱਤਾਂ ਦੀ ਮੁਰੰਮਤ ਤੇ ਵਿਕਾਸ ਕਾਰਜਾਂ ਲਈ ਸਰਕਾਰ ਨੂੰ ਫੰਡਾਂ ਲਈ ਪ੍ਰਸਤਾਵ ਭੇਜਿਆ ਜਾ ਰਿਹਾ ਹੈ।