ਮਿਹਨਤ ਅਤੇ ਇਮਾਨਦਾਰੀ ਸਫਲਤਾ ਦੀ ਅਸਲ ਕੁੰਜੀ: ਐੱਸ.ਪੀ. (ਡੀ) ਦਵਿੰਦਰ ਅੱਤਰੀ

ਮਿਹਨਤ ਅਤੇ ਇਮਾਨਦਾਰੀ ਸਫਲਤਾ ਦੀ ਅਸਲ ਕੁੰਜੀ: ਐੱਸ.ਪੀ. (ਡੀ) ਦਵਿੰਦਰ ਅੱਤਰੀ

ਸੰਗਰੂਰ (ਜਗਸੀਰ ਸਿੰਘ) - ਬੀਤੇ ਦਿਨੀਂ ਇਲਾਕੇ ਦੀ ਪ੍ਰਸਿੱਧ ਵਪਾਰਕ ਸੰਸਥਾ 'ਬਾਂਸਲਜ਼ ਗਰੁੱਪ ਸੂਲਰ ਘਰਾਟ' ਦੀ ਕੀੜੇਮਾਰ ਦਵਾਈਆਂ ਦੀ ਕੰਪਨੀ 'ਕੋਪਲ' ਵੱਲੋਂ ਆਪਣੀ 15ਵੀਂ ਸਾਲਾਨਾ ਵਪਾਰਕ ਕਾਨਫ਼ਰੰਸ ਸੰਗਰੂਰ ਵਿਖੇ ਬੜੀ ਧੂਮ-ਧਾਮ ਨਾਲ ਕਰਵਾਈ ਗਈ। ਇਸ ਸਮਾਗਮ ਵਿੱਚ ਸ੍ਰੀ ਦਵਿੰਦਰ ਅੱਤਰੀ, ਐੱਸ.ਪੀ. (ਡੀ) ਸੰਗਰੂਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਾਜ਼ਰ ਵਪਾਰੀਆਂ ਤੇ ਡਿਸਟ੍ਰੀਬਿਊਟਰਾਂ ਦੇ ਰੂ-ਬਰੂ ਹੁੰਦਿਆਂ ਜੀਵਨ ਵਿੱਚ ਮਿਹਨਤ ਅਤੇ ਇਮਾਨਦਾਰੀ ਦੇ ਮਹੱਤਵ 'ਤੇ ਚਾਨਣਾ ਪਾਇਆ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸ.ਪੀ. ਦਵਿੰਦਰ ਅੱਤਰੀ ਨੇ ਕਿਹਾ ਕਿ ਕੋਈ ਵੀ ਇਨਸਾਨ ਰਾਤੋ-ਰਾਤ ਸਫਲ ਨਹੀਂ ਹੁੰਦਾ। ਉਨ੍ਹਾਂ ਕਿਹਾ, "ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਗਿਆ ਸੰਘਰਸ਼ ਕਦੇ ਅਜਾਈਂ ਨਹੀਂ ਜਾਂਦਾ, ਇਹ ਤੁਹਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਉੱਚੀਆਂ ਬੁਲੰਦੀਆਂ ਵੱਲ ਲੈ ਕੇ ਜਾਂਦਾ ਹੈ।" ਉਨ੍ਹਾਂ ਮੌਜੂਦ ਸਾਰੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਪਾਰ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਬਣਾਈ ਰੱਖਣ ਤਾਂ ਜੋ ਸਮਾਜ ਵਿੱਚ ਇੱਕ ਨਿਵੇਕਲੀ ਮਿਸਾਲ ਪੈਦਾ ਕੀਤੀ ਜਾ ਸਕੇ। ਇਸ ਮੌਕੇ ਪੁਰਾਣੀਆ ਯਾਦਾਂ ਨੂੰ ਸਾਂਝਾ ਕਰਦਿਆਂ ਐੱਸ.ਪੀ. ਅੱਤਰੀ ਨੇ ਕੰਪਨੀ ਦੇ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ ਦਾ ਸਤਿਕਾਰ ਕੀਤਾ ਅਤੇ ਐਮ.ਡੀ. ਸੰਜੀਵ ਬਾਂਸਲ ਨਾਲ ਆਪਣੀ ਪੁਰਾਣੀ ਸਾਂਝ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸੰਜੀਵ ਬਾਂਸਲ ਉਨ੍ਹਾਂ ਦੇ ਬਚਪਨ ਦੇ ਦੋਸਤ ਹਨ ਅਤੇ ਉਨ੍ਹਾਂ ਨੇ ਸੰਜੀਵ ਬਾਂਸਲ ਨੂੰ ਜ਼ਮੀਨੀ ਪੱਧਰ ਤੋਂ ਸੰਘਰਸ਼ ਕਰਦਿਆਂ ਬਹੁਤ ਨੇੜਿਓਂ ਦੇਖਿਆ ਹੈ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੋਸਤ ਨੇ ਕਦੇ ਵੀ ਜੀਵਨ ਵਿੱਚ ਗਲਤ ਕੰਮਾਂ ਦਾ ਸਾਥ ਨਹੀਂ ਦਿੱਤਾ, ਜਿਸ ਸਦਕਾ ਅੱਜ ਇਹ ਕੰਪਨੀ ਇਸ ਮੁਕਾਮ 'ਤੇ ਪਹੁੰਚੀ ਹੈ। ਇਸ ਤੋਂ ਪਹਿਲਾਂ ਕੰਪਨੀ ਦੇ ਐਮ.ਡੀ. ਸ੍ਰੀ ਸੰਜੀਵ ਬਾਂਸਲ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸ੍ਰੀ ਦਵਿੰਦਰ ਅੱਤਰੀ ਸਾਡੇ ਜ਼ਿਲ੍ਹੇ ਵਿੱਚ ਬਤੌਰ ਪੁਲਿਸ ਅਫ਼ਸਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ.ਪੀ. ਸਾਹਿਬ ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਅੱਜ ਉਨ੍ਹਾਂ ਦੇ ਇੱਥੇ ਪਹੁੰਚਣ ਨਾਲ ਸਮੂਹ ਸਟਾਫ਼ ਅਤੇ ਡਿਸਟ੍ਰੀਬਿਊਟਰਾਂ ਦਾ ਮਨੋਬਲ ਵਧਿਆ ਹੈ। ਕਾਨਫ਼ਰੰਸ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਕੰਪਨੀ ਦੇ ਡਿਸਟ੍ਰੀਬਿਊਟਰਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਨਵੀਨ ਬਾਂਸਲ ਤੇ ਹੈਲਿਕ ਬਾਂਸਲ (ਡਾਇਰੈਕਟਰ), ਹਰਜੀਤ ਸਿੰਘ ਢਿੱਲੋਂ (ਰਿਜਨਲ ਮੈਨੇਜਰ) ਮੁਹੰਮਦ ਨਸੀਰ, ਨਰਿੰਦਰ ਸਿੰਘ ਵਿਰਕ ਅਤੇ ਕੰਪਨੀ ਦੇ ਕਈ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
 

ਸਮਾਗਮ ਦੇ ਅਖੀਰ ਵਿੱਚ ਕੰਪਨੀ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।