ਪੁਲਿਸ ਫੋਰਸ ਲਈ ਨਵਾਂ ਫੈਸਲਾ, ਜਨਮਦਿਨ ਤੇ ਐਨਿਵਰਸਰੀ ’ਤੇ ਛੁੱਟੀ ਲਾਜ਼ਮੀ

ਪੁਲਿਸ ਫੋਰਸ ਲਈ ਨਵਾਂ ਫੈਸਲਾ, ਜਨਮਦਿਨ ਤੇ ਐਨਿਵਰਸਰੀ ’ਤੇ ਛੁੱਟੀ ਲਾਜ਼ਮੀ

DGP ਵੱਲੋਂ ਸਰਕੂਲਰ ਜਾਰੀ ਪੁਲਿਸ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ ਹੈ। ਅਕਸਰ ਪੁਲਿਸ ਦੀ ਨੌਕਰੀ ਵਿੱਚ ਕੰਮ ਦੇ ਘੰਟੇ ਤੈਅ ਨਹੀਂ ਹੁੰਦੇ ਅਤੇ ਉਹਨਾਂ ਨੂੰ ਘੰਟਿਆਂਬੱਧੀ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਇਸ ਕਾਰਨ ਉਹ ਕਈ ਵਾਰ ਆਪਣੇ ਪਰਿਵਾਰ ਦੇ ਖਾਸ ਮੌਕਿਆਂ ਵਿੱਚ ਵੀ ਸ਼ਾਮਲ ਨਹੀਂ ਹੋ ਪਾਉਂਦੇ। ਪਰ ਹੁਣ ਉਨ੍ਹਾਂ ਨੂੰ ਉਨ੍ਹਾਂ ਦੇ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ‘ਤੇ ਲਾਜ਼ਮੀ ਛੁੱਟੀ ਮਿਲੇਗੀ। ਕਰਨਾਟਕ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਡਾ. ਐਮ ਏ ਸਲੀਮ ਨੇ ਇੱਕ ਨਿਰਦੇਸ਼ ਜਾਰੀ ਕੀਤਾ ਹੈ ਕਿ ਕੋਈ ਵੀ ਪੁਲਿਸ ਕਰਮਚਾਰੀ ਜੋ ਆਪਣੇ ਜਨਮਦਿਨ ਜਾਂ ਵਰ੍ਹੇਗੰਢ ‘ਤੇ ਛੁੱਟੀ ਮੰਗਦਾ ਹੈ, ਉਸਨੂੰ ਛੁੱਟੀ ਦੇਣ ਤੋਂ ਇਨਕਾਰ ਨਾ ਕੀਤਾ ਜਾਵੇ। ਇਹ ਫੈਸਲਾ ਪੁਲਿਸ ਦੇ ਮਨੋਬਲ ਨੂੰ ਵਧਾਉਣ ਲਈ ਲਿਆ ਗਿਆ ਹੈ। ਕਰਨਾਟਕ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਵੱਲੋਂ ਜਾਰੀ ਸਰਕੂਲਰ ਵਿੱਚ ਸਾਰੀਆਂ ਇਕਾਈਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਆਪਣੇ ਜਨਮਦਿਨ ਜਾਂ ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਛੁੱਟੀ ਮੰਗਦਾ ਹੈ ਤਾਂ ਉਸਨੂੰ ਜ਼ਰੂਰ ਛੁੱਟੀ ਦਿੱਤੀ ਜਾਵੇ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਔਖੀਆਂ ਪ੍ਰਸਥਿਤੀਆਂ ਵਿੱਚ ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਲਈ ਜਨਮਦਿਨ ਅਤੇ ਵਿਆਹ ਦੀ ਵਰ੍ਹੇਗੰਢ ਵਰਗੇ ਨਿੱਜੀ ਮੌਕਿਆਂ ਦਾ ਜਸ਼ਨ ਮਨਾਉਣਾ ਬਹੁਤ ਮਹੱਤਵਪੂਰਨ ਹੈ। ਇਹਨਾਂ ਖਾਸ ਦਿਨਾਂ ‘ਤੇ ਛੁੱਟੀ ਲੈਣ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਾਵਨਾਤਮਕ ਤੌਰ ‘ਤੇ ਤਰੋ-ਤਾਜ਼ਾ ਹੋਣ, ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਅਤੇ ਡਿਊਟੀ ਤੇ ਨਿੱਜੀ ਜੀਵਨ ਵਿੱਚ ਸੰਤੁਲਨ ਬਣਾਈ ਰੱਖਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਮਨੋਬਲ ਵਧਦਾ ਹੈ, ਤਣਾਅ ਘੱਟ ਹੁੰਦਾ ਹੈ ਅਤੇ ਸਮੁੱਚੀ ਕਾਰਜ ਸੰਤੁਸ਼ਟੀ ਅਤੇ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ।