ਪੰਜਾਬ ਕਾਂਗਰਸ ਦੇ ਨਵੇਂ ਫ਼ਾਰਮੂਲੇ ਤੋਂ ਬਾਅਦ ਸਿਆਸੀ ਚਰਚਾ ਤੇਜ਼, ਕਈ ਸੀਨੀਅਰ ਆਗੂਆਂ ਵੱਲੋਂ ਨਹੀਂ ਆਈ ਧੰਨਵਾਦੀ ਪੋਸਟ
- ਪੰਜਾਬ
- (Asia/Kolkata)
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਹਾਈਕਮਾਂਡ ਵੱਲੋਂ ਕੀਤੇ ਗਏ ਸੰਗਠਨਾਤਮਕ ਪੁਨਰਗਠਨ ਤੋਂ ਬਾਅਦ ਸੂਬਾ ਕਾਂਗਰਸ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਾਈਕਮਾਂਡ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਅਹੁਦਿਆਂ 'ਤੇ ਬਰਕਰਾਰ ਰੱਖਦਿਆਂ ਚਾਰ ਨਵੀਆਂ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਦੇ ਬਾਵਜੂਦ ਨਵੀਂ ਸੂਚੀ ਜਾਰੀ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਖ਼ਾਮੋਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪੁਨਰਗਠਨ ਅਧੀਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਉਹ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਵੀ ਦਾਅਵੇਦਾਰ ਮੰਨੇ ਜਾ ਰਹੇ ਸਨ। ਇਸੇ ਤਰ੍ਹਾਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਵੀ ਪ੍ਰਧਾਨਗੀ ਦੇ ਸੰਭਾਵੀ ਦਾਅਵੇਦਾਰਾਂ ਵਿੱਚ ਸ਼ਾਮਲ ਸੀ। ਨਵੀਆਂ ਨਿਯੁਕਤੀਆਂ ਦੇ ਐਲਾਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ 'ਐਕਸ' (X) ਖਾਤਿਆਂ 'ਤੇ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਕੋਈ ਪੋਸਟ ਸਾਂਝੀ ਨਹੀਂ ਕੀਤੀ ਹੈ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਨੇ ਸਚਿਨ ਪਾਇਲਟ ਵੱਲੋਂ ਸਾਂਝੀ ਕੀਤੀ ਨਵੀਂ ਨਿਯੁਕਤੀਆਂ ਦੀ ਸੂਚੀ ਨੂੰ ਰੀਪੋਸਟ (ਰੀਟਵੀਟ) ਕੀਤਾ ਹੈ। ਦੂਜੇ ਪਾਸੇ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵੀਂ ਸੂਚੀ ਜਾਰੀ ਹੋਣ ਤੋਂ ਤੁਰੰਤ ਬਾਅਦ ਹਾਈਕਮਾਂਡ ਦਾ ਧੰਨਵਾਦ ਕੀਤਾ। ਉੱਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ 'ਐਕਸ' ਖਾਤੇ 'ਤੇ ਵੀ ਹਾਈਕਮਾਂਡ ਨੂੰ ਸੰਬੋਧਨ ਕਰਦੀ ਕੋਈ ਧੰਨਵਾਦੀ ਪੋਸਟ ਨਜ਼ਰ ਨਹੀਂ ਆਈ। ਸਾਬਕਾ ਮੰਤਰੀ ਪਰਗਟ ਸਿੰਘ, ਜਿਨ੍ਹਾਂ ਦਾ ਨਾਂ ਵੀ ਪ੍ਰਧਾਨਗੀ ਦੇ ਦਾਅਵੇਦਾਰਾਂ ਵਿੱਚ ਲਿਆ ਜਾ ਰਿਹਾ ਸੀ, ਨੇ ਵੀ ਨਵੀਆਂ ਨਿਯੁਕਤੀਆਂ ਤੋਂ ਬਾਅਦ ਕੋਈ ਧੰਨਵਾਦੀ ਸੰਦੇਸ਼ ਸਾਂਝਾ ਨਹੀਂ ਕੀਤਾ। ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਵੱਲੋਂ ਸੋਸ਼ਲ ਮੀਡੀਆ 'ਤੇ ਅਜਿਹੀ ਕੋਈ ਪ੍ਰਤੀਕਿਰਿਆ ਨਾ ਆਉਣ ਕਾਰਨ ਸਿਆਸੀ ਹਲਕਿਆਂ ਵਿੱਚ ਇਸ ਨੂੰ ਲੈ ਕੇ ਚਰਚਾ ਜਾਰੀ ਹੈ। ਸੂਤਰਾਂ ਅਨੁਸਾਰ ਕੁਝ ਸੀਨੀਅਰ ਆਗੂਆਂ ਦੇ ਸਮਰਥਕ ਸੰਗਠਨਾਤਮਕ ਫ਼ੈਸਲਿਆਂ ਨੂੰ ਲੈ ਕੇ ਅਸੰਤੁਸ਼ਟ ਦੱਸੇ ਜਾ ਰਹੇ ਹਨ। ਭਾਵੇਂ ਕਾਂਗਰਸ ਨੇ ਸੰਗਠਨ ਦਾ ਪੁਨਰਗਠਨ ਕਰ ਦਿੱਤਾ ਹੈ, ਪਰ ਪਾਰਟੀ ਅੰਦਰ ਧੜੇਬੰਦੀ ਖ਼ਤਮ ਹੋਣ ਦੇ ਸੰਕੇਤ ਹਾਲੇ ਸਪੱਸ਼ਟ ਤੌਰ 'ਤੇ ਨਜ਼ਰ ਨਹੀਂ ਆ ਰਹੇ।
Leave a Reply