CJP ‘ਸੰਸਦ ਚਲੋ’ ਮਾਰਚ: ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਸੜਕ ਹਾਦਸੇ ਤੋਂ ਬਾਅਦ ਜ਼ਬਤ ਕੀਤਾ ਗਿਆ ਸੀ: ਦਿੱਲੀ ਪੁਲੀਸ

CJP ‘ਸੰਸਦ ਚਲੋ’ ਮਾਰਚ: ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਸੜਕ ਹਾਦਸੇ ਤੋਂ ਬਾਅਦ ਜ਼ਬਤ ਕੀਤਾ ਗਿਆ ਸੀ: ਦਿੱਲੀ ਪੁਲੀਸ

ਦਿੱਲੀ ਪੁਲੀਸ ਨੇ ਕੌਕਰੋਚ ਜਨਤਾ ਪਾਰਟੀ (CJP) ਵੱਲੋਂ ਸੱਦੇ ਗਏ ‘ਸੰਸਦ ਚਲੋ’ ਮਾਰਚ ਦੇ ਦਿਨ ਜੰਤਰ ਮੰਤਰ ਨੇੜੇ ਪੱਥਰਾਂ ਨਾਲ ਭਰਿਆ ਟਰੱਕ ਜਾਣਬੁੱਝ ਕੇ ਖੜ੍ਹਾ ਕੀਤੇ ਜਾਣ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਪੁਲੀਸ ਨੇ ਸਪੱਸ਼ਟ ਕੀਤਾ ਕਿ ਇਹ ਵਾਹਨ ਇੱਕ ਸੜਕ ਹਾਦਸੇ ਤੋਂ ਬਾਅਦ ਜ਼ਬਤ ਕੀਤਾ ਗਿਆ ਸੀ ਅਤੇ ਇਸ ਦਾ ਪ੍ਰਦਰਸ਼ਨ ਨਾਲ ਕੋਈ ਸਬੰਧ ਨਹੀਂ ਸੀ। ਦਿੱਲੀ ਪੁਲੀਸ ਨੇ ਇੱਕ ਸਪੱਸ਼ਟੀਕਰਨ ਜਾਰੀ ਕਰਦਿਆਂ ਇਨ੍ਹਾਂ ਦਾਅਵਿਆਂ ਨੂੰ “ਝੂਠੇ ਅਤੇ ਗੁੰਮਰਾਹਕੁੰਨ” ਕਰਾਰ ਦਿੱਤਾ। ਪੁਲੀਸ ਦੇ ਅਨੁਸਾਰ, ਸੰਬੰਧਿਤ ਟਰੱਕ ਨੂੰ ਪ੍ਰਦਰਸ਼ਨਾਂ ਤੋਂ ਕਾਫ਼ੀ ਪਹਿਲਾਂ ਇੱਕ ਸੜਕ ਹਾਦਸੇ ਦੇ ਮਾਮਲੇ ਵਿੱਚ ਜ਼ਬਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ 16 ਜੁਲਾਈ ਨੂੰ ਟਰੱਕ ਦੀ ਇੱਕ ਵੈਨ ਨਾਲ ਟੱਕਰ ਹੋਈ ਸੀ, ਜਿਸ ਵਿੱਚ ਛੇ ਲੋਕ ਜ਼ਖਮੀ ਹੋਏ ਸਨ। ਇਸ ਤੋਂ ਬਾਅਦ ਵਾਹਨ ਨੂੰ ਕਬਜ਼ੇ ਵਿੱਚ ਲਿਆ ਗਿਆ। ਪੁਲੀਸ ਮੁਤਾਬਕ, ਜ਼ਬਤ ਕੀਤੇ ਗਏ ਟਰੱਕ ਨੂੰ ਸ਼ੁਰੂ ਵਿੱਚ ਥਾਂ ਦੀ ਘਾਟ ਕਾਰਨ ਸੁਰੱਖਿਅਤ ਹਿਰਾਸਤ ਲਈ ਸੰਸਦ ਸਟ੍ਰੀਟ ਪੁਲੀਸ ਸਟੇਸ਼ਨ ਦੇ ਨੇੜੇ ਖੜ੍ਹਾ ਕੀਤਾ ਗਿਆ ਸੀ। ਬਾਅਦ ਵਿੱਚ ‘ਚਲੋ ਸੰਸਦ’ ਅੰਦੋਲਨ ਦੌਰਾਨ ਕੀਤੇ ਗਏ ਵਿਸ਼ੇਸ਼ ਕਾਨੂੰਨ-ਵਿਵਸਥਾ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੱਕ ਨੂੰ ਖਾਲੀ ਕਰਵਾ ਦਿੱਤਾ ਗਿਆ ਅਤੇ ਇਸ ਦੇ ਮਾਲਕ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰਨ ਤੋਂ ਬਾਅਦ 20 ਜੁਲਾਈ ਦੀ ਸਵੇਰ ਇੱਕ ਸੁਰੱਖਿਅਤ ਥਾਂ ’ਤੇ ਤਬਦੀਲ ਕਰ ਦਿੱਤਾ ਗਿਆ। ਦਿੱਲੀ ਪੁਲੀਸ ਨੇ ਇਸ ਦਾਅਵੇ ਨੂੰ ਵੀ ਸਿਰੇ ਤੋਂ ਖਾਰਜ ਕੀਤਾ ਕਿ ਇਹ ਵਾਹਨ ਪ੍ਰਦਰਸ਼ਨਕਾਰੀਆਂ ਵਿਰੁੱਧ ਕਿਸੇ ਸਾਜ਼ਿਸ਼ ਦਾ ਹਿੱਸਾ ਸੀ। ਪੁਲੀਸ ਨੇ ਅਜਿਹੇ ਦੋਸ਼ਾਂ ਨੂੰ “ਪੂਰੀ ਤਰ੍ਹਾਂ ਬੇਬੁਨਿਆਦ” ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਪੁਸ਼ਟੀ ਵਾਲੀ ਜਾਣਕਾਰੀ ਨਾ ਫੈਲਾਉਣ। ਜ਼ਿਕਰਯੋਗ ਹੈ ਕਿ 20 ਜੁਲਾਈ ਨੂੰ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਪ੍ਰਦਰਸ਼ਨ ਸਥਾਨ ਨੇੜੇ ਖੜ੍ਹੇ ਪੱਥਰਾਂ ਨਾਲ ਲੱਦੇ ਟਰੱਕ ਵੱਲ ਧਿਆਨ ਦਿਵਾਇਆ ਸੀ ਅਤੇ ਦਿੱਲੀ ਪੁਲੀਸ ਤੋਂ ਪੁੱਛਿਆ ਸੀ ਕਿ ਪੁਲੀਸ ਘੇਰਾਬੰਦੀ ਦੇ ਬਾਵਜੂਦ ਇਹ ਵਾਹਨ ਉੱਥੇ ਕਿਵੇਂ ਪਹੁੰਚਿਆ। ਦੀਪਕੇ ਨੇ ਕਿਹਾ ਸੀ ਕਿ ਇਸ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਨੂੰ ਫਸਾਉਣ ਜਾਂ ਹਿੰਸਾ ਭੜਕਾਉਣ ਲਈ ਕੀਤੀ ਜਾ ਸਕਦੀ ਸੀ। ਹਾਲਾਂਕਿ, ਉਸ ਸਮੇਂ ਪੁਲੀਸ ਵੱਲੋਂ ਉਨ੍ਹਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।