ਸ਼ਾਹਪੁਰ ਕਲਾਂ ਸਹਿਕਾਰੀ ਸੁਸਾਇਟੀ ਨੇ ਕਿਸਾਨਾਂ ਨੂੰ ਖੇਤੀ ਮੇਲੇ ਦਾ ਦੌਰਾ ਕਰਵਾਕੇ ਆਧੁਨਿਕ ਜਾਣਕਾਰੀ ਦਿੱਤੀ

ਸ਼ਾਹਪੁਰ ਕਲਾਂ ਸਹਿਕਾਰੀ ਸੁਸਾਇਟੀ ਨੇ ਕਿਸਾਨਾਂ ਨੂੰ ਖੇਤੀ ਮੇਲੇ ਦਾ ਦੌਰਾ ਕਰਵਾਕੇ ਆਧੁਨਿਕ ਜਾਣਕਾਰੀ ਦਿੱਤੀ

(ਜਗਸੀਰ ਸਿੰਘ)- ਨੇੜਲੇ ਪਿੰਡ ਸ਼ਾਹਪੁਰ ਕਲਾਂ ਦੀ ਸਹਿਕਾਰੀ ਸੁਸਾਇਟੀ ਵੱਲੋਂ ਪ੍ਰਧਾਨ ਗੁਰਜੰਟ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ 20 ਮਾਰਚ ਨੂੰ ਕਿਸਾਨਾਂ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਇਸ ਤਹਿਤ ਪਿੰਡ ਦੇ ਕਿਸਾਨਾਂ ਨੂੰ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਵਿੱਚ ਲੱਗੇ ਖੇਤੀ ਮੇਲੇ ਦਾ ਦੌਰਾ ਕਰਵਾਇਆ ਗਿਆ। ਇਸ ਯਾਤਰਾ ਲਈ ਸਵੇਰੇ 7 ਵਜੇ ਮੰਡੀ ਤੋਂ ਬੱਸ ਦਾ ਪ੍ਰਬੰਧ ਕੀਤਾ ਗਿਆ, ਜਿਸ ਰਾਹੀਂ ਵੱਡੀ ਗਿਣਤੀ ਵਿੱਚ ਕਿਸਾਨ ਮੇਲੇ ਵਿੱਚ ਸ਼ਾਮਲ ਹੋਏ। ਮੇਲੇ ਦੌਰਾਨ ਕਿਸਾਨਾਂ ਨੇ ਨਵੀਂ ਖੇਤੀਬਾੜੀ ਤਕਨੀਕਾਂ, ਆਧੁਨਿਕ ਮਸ਼ੀਨਰੀ, ਉੱਤਮ ਬੀਜ ਅਤੇ ਫਸਲਾਂ ਦੀ ਸੰਭਾਲ ਨਾਲ ਸੰਬੰਧਿਤ ਵਿਗਿਆਨਕ ਜਾਣਕਾਰੀ ਪ੍ਰਾਪਤ ਕੀਤੀ। ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਖੋਜਾਂ ਅਤੇ ਤਕਨੀਕਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ, ਜਿਸ ਨਾਲ ਕਿਸਾਨਾਂ ਵਿੱਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ। ਇਸ ਮੌਕੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਸਹਿਕਾਰੀ ਸੁਸਾਇਟੀ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜੋੜਨਾ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ, ਕਿਉਂਕਿ ਇੱਥੇ ਉਨ੍ਹਾਂ ਨੂੰ ਖੇਤੀ ਨਾਲ ਸੰਬੰਧਿਤ ਹਰ ਕਿਸਮ ਦੀ ਨਵੀਂ ਜਾਣਕਾਰੀ ਇੱਕ ਥਾਂ ਉੱਪਰ ਮਿਲਦੀ ਹੈ। ਕਿਸਾਨਾਂ ਨੇ ਵੀ ਇਸ ਉਪਰਾਲੇ ਲਈ ਸੁਸਾਇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੀਆਂ ਯਾਤਰਾਵਾਂ ਨਾਲ ਉਨ੍ਹਾਂ ਨੂੰ ਖੇਤੀ ਵਿੱਚ ਨਵੇਂ ਤਜਰਬੇ ਸਿੱਖਣ ਦਾ ਮੌਕਾ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੀ ਪੈਦਾਵਾਰ ਅਤੇ ਆਮਦਨ ਵਿੱਚ ਸੁਧਾਰ ਆ ਸਕਦਾ ਹੈ। ਇਸ ਮੌਕੇ ਗੁਰਭੇਜ ਸਿੰਘ, ਰਾਮ ਸਿੰਘ, ਜੀਤ ਸਿੰਘ, ਬਲਵਿੰਦਰ ਸ਼ਰਮਾਂ, ਗੁਰਵਿੰਦਰ ਸਿੰਘ, ਮਾਸਟਰ ਮਲਕੀਤ ਸਿੰਘ , ਗੁਰਨੈਬ ਸਿੰਘ , ਹਰਜਿੰਦਰ ਸਿੰਘ ਸੁਸਾਇਟੀ ਮੈਂਬਰਾਂ ਤੋਂ ਇਲਾਵਾ ਕਿਸਾਨ ਹਾਜ਼ਰ ਸਨ।