ਨਿਊਜ਼ੀਲੈਂਡ ਵਿੱਚ PM ਮੋਦੀ ਨੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ, 25 ਸਾਲ ਪੁਰਾਣਾ ਮਫ਼ਲਰ ਦਿਖਾ ਸਾਂਝਾ ਕੀਤਾ ਕਿੱਸਾ

ਨਿਊਜ਼ੀਲੈਂਡ ਵਿੱਚ PM ਮੋਦੀ ਨੇ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ, 25 ਸਾਲ ਪੁਰਾਣਾ ਮਫ਼ਲਰ ਦਿਖਾ ਸਾਂਝਾ ਕੀਤਾ ਕਿੱਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ। 'ਕੀਆ ਓਰਾ ਮੋਦੀ' ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਗਲੋਬਲ ਚੁਣੌਤੀਆਂ ਦੇ ਬਾਵਜੂਦ ਭਾਰਤ ਦੀ ਵਿਕਾਸ ਦਰ ਬੇਮਿਸਾਲ ਹੈ ਅਤੇ ਦੇਸ਼ ਦੁਨੀਆ ਸਾਹਮਣੇ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕਰ ਰਿਹਾ ਹੈ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਰੀਬ 25 ਤੋਂ 30 ਸਾਲ ਪੁਰਾਣੀ ਆਪਣੀ ਨਿਊਜ਼ੀਲੈਂਡ ਯਾਤਰਾ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਕਿਸੇ ਸਰਕਾਰ ਦਾ ਹਿੱਸਾ ਨਹੀਂ ਸਨ, ਉਸ ਸਮੇਂ ਨਿਊਜ਼ੀਲੈਂਡ ਦੌਰੇ ਦੌਰਾਨ ਉਨ੍ਹਾਂ ਨੂੰ ਤੋਹਫ਼ੇ ਵਜੋਂ ਇੱਕ ਮਫ਼ਲਰ, ਇੱਕ ਕੈਪ ਅਤੇ ਦਸਤਾਨਿਆਂ ਦਾ ਸੈੱਟ ਮਿਲਿਆ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਉਹ ਮਫ਼ਲਰ ਸੰਭਾਲ ਕੇ ਰੱਖਦੇ ਹਨ ਅਤੇ ਇਸ ਪ੍ਰੋਗਰਾਮ ਵਿੱਚ ਵੀ ਆਪਣੇ ਨਾਲ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਉਹ ਇਸ ਮਫ਼ਲਰ ਨੂੰ ਸੰਭਾਲ ਕੇ ਰੱਖਦੇ ਹਨ, ਉਸੇ ਤਰ੍ਹਾਂ ਪ੍ਰਵਾਸੀ ਭਾਰਤੀਆਂ ਦੇ ਪਿਆਰ ਨੂੰ ਵੀ ਹਮੇਸ਼ਾ ਆਪਣੇ ਦਿਲ ਵਿੱਚ ਸਾਂਭ ਕੇ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਲਈ ਕਿਸੇ ਦੇਸ਼ ਦੀ ਜਨਸੰਖਿਆ ਨਾਲੋਂ ਜਨ-ਕਲਿਆਣ ਦੀ ਭਾਵਨਾ ਵਧੇਰੇ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਿਊਜ਼ੀਲੈਂਡ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਅੱਗੇ ਵੀ ਸਿੱਖਦਾ ਰਹੇਗਾ। 'ਕੀਆ ਓਰਾ ਮੋਦੀ' ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਅਤੇ ਨਿਊਜ਼ੀਲੈਂਡ ਦੇ ਰਿਸ਼ਤੇ ਸੁਖਦ ਯਾਦਾਂ, ਸਥਾਈ ਦੋਸਤੀ, ਸਾਂਝੇ ਮੁੱਲਾਂ ਅਤੇ ਆਪਸੀ ਵਚਨਬੱਧਤਾ 'ਤੇ ਆਧਾਰਿਤ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀ ਪ੍ਰਮੁੱਖ ਅਰਥਵਿਵਸਥਾ ਹੈ ਅਤੇ ਦੇਸ਼ ਦੀ ਵਿਕਾਸ ਯਾਤਰਾ ਵਿਸ਼ਵ ਪੱਧਰ 'ਤੇ ਨਵੀਂ ਮਿਸਾਲ ਬਣ ਰਹੀ ਹੈ। ਇਸ ਸਮਾਗਮ ਵਿੱਚ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵੀ ਮੌਜੂਦ ਸਨ। ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਦੁਵੱਲੀ ਬੈਠਕ ਕੀਤੀ। ਇਸ ਦੌਰਾਨ 18 ਮਹੱਤਵਪੂਰਨ ਫ਼ੈਸਲਿਆਂ ਅਤੇ 10 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਦੋਵਾਂ ਦੇਸ਼ਾਂ ਨੇ ਸਾਲ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ ਕਰੀਬ 35 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਾਉਣ ਦਾ ਟੀਚਾ ਵੀ ਨਿਰਧਾਰਤ ਕੀਤਾ।