ਨਿਵੇਸ਼ਕਾਂ ਲਈ ਵੱਡੀ ਖ਼ਬਰ: ਚਾਂਦੀ 2.83 ਲੱਖ ਰੁਪਏ ਕਿਲੋ ‘ਤੇ

ਨਿਵੇਸ਼ਕਾਂ ਲਈ ਵੱਡੀ ਖ਼ਬਰ: ਚਾਂਦੀ 2.83 ਲੱਖ ਰੁਪਏ ਕਿਲੋ ‘ਤੇ

ਚਾਂਦੀ ਦੀ ਹੁਣ ਤਕ ਦੀ ਸਭ ਤੋਂ ਵੱਧ ਕੀਮਤ; ਸੋਨਾ 1.42 ਲੱਖ ਰੁਪਏ ਤੋਲਾ ਦੇਸ਼ ਭਰ ਵਿਚ ਚਾਂਦੀ ਵਿਚ ਚਮਕ ਵਧਦੀ ਹੀ ਜਾ ਰਹੀ ਹੈ। ਇਸ ਦੀਆਂ ਕੀਮਤਾਂ ਅੱਜ ਲਗਾਤਾਰ ਚੌਥੇ ਦਿਨ ਵਧੀਆਂ। ਚਾਂਦੀ ਅੱਜ 2.83 ਲੱਖ ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਦੂਜੇ ਪਾਸੇ ਸੋਨੇ ਦੀਆਂ ਕੀਮਤਾਂ ਅੱਜ 1.42 ਲੱਖ ਰੁਪਏ ਪ੍ਰਤੀ ਦਸ ਗਰਾਮ ਹੋ ਗਈਆਂ ਹਨ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ ਚਾਂਦੀ ਦੀਆਂ ਕੀਮਤਾਂ ਅੱਜ 5208 ਰੁਪਏ ਵਧ ਕੇ 282720 ਰੁਪਏ ਹੋ ਗਈਆਂ ਤੇ ਇਹ ਹੁਣ ਤਕ ਦੀ ਸਭ ਤੋਂ ਵਧ ਕੀਮਤ ਹੈ। ਇਸ ਤੋਂ ਪਹਿਲਾਂ 14 ਜਨਵਰੀ ਨੂੰ ਚਾਂਦੀ 277512 ਰੁਪਏ ਪ੍ਰਤੀ ਕਿਲੋ ਸੀ। ਚਾਰ ਦਿਨਾਂ ਵਿਚ ਚਾਂਦੀ 40 ਹਜ਼ਾਰ ਰੁਪਏ ਵਧ ਗਈ ਹੈ। ਦੂਜੇ ਪਾਸੇ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਜਦਕਿ ਇਸ ਤੋਂ ਤਿੰਨ ਦਿਨ ਪਹਿਲਾਂ ਤਕ ਸੋਨੇ ਦੀ ਕੀਮਤ ਲਗਾਤਾਰ ਵਧ ਰਹੀ ਸੀ। ਦੱਸਣਾ ਬਣਦਾ ਹੈ ਕਿ ਸਾਲ 2025 ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਹੋਇਆ। ਇਨ੍ਹਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਲੋਕ ਇਨ੍ਹਾਂ ਧਾਤਾਂ ਦੀ ਖਰੀਦ ਵੱਲ ਖਿੱਚੇ ਗਏ ਹਨ। ਇਸ ਰੁਝਾਨ ਤੋਂ ਲਗਦਾ ਹੈ ਕਿ ਸਾਲ 2026 ਦੇ ਸਾਲ ਵਿੱਚ ਵੀ ਸੋਨੇ ਤੇ ਚਾਂਦੀ ਦੀ ਚਮਕ ਫਿੱਕੀ ਨਹੀਂ ਪਵੇਗੀ। ਆਈ.ਐਨ.ਜੀ ਦੀ ਕਮੋਡਿਟੀਜ਼ ਆਊਟਲੁੱਕ 2026 ਦੀ ਰਿਪੋਰਟ ਅਨੁਸਾਰ ਕੇਂਦਰੀ ਬੈਂਕਾਂ ਵੱਲੋਂ ਕੀਤੀ ਜਾ ਰਹੀ ਖਰੀਦਦਾਰੀ, ਫੈਡਰਲ ਰਿਜ਼ਰਵ ਵਲੋਂ ਵਿਆਜ ਦਰਾਂ ਵਿੱਚ ਕਟੌਤੀ ਤੇ ਲੋਕਾਂ ਦਾ ਰੁਝਾਨ ਇਨ੍ਹਾਂ ਧਾਤਾਂ ਦੀ ਖਰੀਦਦਾਰੀ ਵਿਚ ਤੇਜ਼ੀ ਦੇ ਮੁੱਖ ਕਾਰਨ ਹੋਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਬੈਂਕ ਹਾਲੇ ਵੀ ਖਰੀਦਦਾਰੀ ਕਰ ਰਹੇ ਹਨ, ਟਰੰਪ ਦੀ ਵਪਾਰਕ ਜੰਗ ਜਾਰੀ ਹੈ, ਕਈ ਦੇਸ਼ਾਂ ਦੇ ਦੂਜੇ ਦੇਸ਼ਾਂ ਨਾਲ ਹਿੱਤ ਪ੍ਰਭਾਵਿਤ ਹੋ ਰਹੇ ਹਨ। ਅਨੁਮਾਨ ਹੈ ਕਿ 2026 ਵਿੱਚ ਸੋਨੇ ਦੀਆਂ ਕੀਮਤਾਂ ਔਸਤਨ 4,325 ਡਾਲਰ ਪ੍ਰਤੀ ਔਂਸ ਰਹਿ ਸਕਦੀਆਂ ਹਨ। ਇਹ ਰਿਪੋਰਟ ਕਹਿੰਦੀ ਹੈ ਵਿਆਜ ਦਰਾਂ ਘਟ ਸਕਦੀਆਂ ਹਨ ਜਿਸ ਦਾ ਫਾਇਦਾ ਸੋਨੇ ਤੇ ਚਾਂਦੀ ਖਰੀਦਣ ਵਾਲਿਆਂ ਨੂੰ ਹੋਵੇਗਾ। ਕੇਂਦਰੀ ਬੈਂਕਾਂ ਦੀ ਮੰਗ ਵੀ ਅਹਿਮ ਰਹੀ ਹੈ, ਜਿੱਥੇ 2025 ਦੀ ਤੀਜੀ ਤਿਮਾਹੀ ਵਿੱਚ ਬੈਂਕਾਂ ਨੇ ਲਗਪਗ 220 ਟਨ ਸੋਨਾ ਖਰੀਦਿਆ, ਜੋ ਦੂਜੀ ਤਿਮਾਹੀ ਦੇ ਮੁਕਾਬਲੇ 28% ਵੱਧ ਹੈ। ਪੋਲੈਂਡ, ਚੀਨ ਅਤੇ ਕਜ਼ਾਕਿਸਤਾਨ ਸਭ ਤੋਂ ਵੱਧ ਸਰਗਰਮ ਖਰੀਦਦਾਰਾਂ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ ਨਿਵੇਸ਼ਕਾਂ ਨੇ ਵੀ ਸੋਨੇ ਦੇ ਈ.ਟੀ.ਐਫ ਵਿੱਚ 222 ਟਨ ਸੋਨਾ ਜੋੜਿਆ ਹੈ।