ਪ੍ਰਕਾਸ਼ ਪੁਰਬ ਤੇ ਸ਼ਤਾਬਦੀ ਨੂੰ ਸਮਰਪਿਤ 35ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀਆਂ ਤਿਆਰੀਆਂ ਜ਼ੋਰਾਂ 'ਤੇ - ਸੰਤ ਅਮੀਰ ਸਿੰਘ ਜੀ

ਪ੍ਰਕਾਸ਼ ਪੁਰਬ ਤੇ ਸ਼ਤਾਬਦੀ ਨੂੰ ਸਮਰਪਿਤ 35ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀਆਂ ਤਿਆਰੀਆਂ  ਜ਼ੋਰਾਂ 'ਤੇ - ਸੰਤ ਅਮੀਰ ਸਿੰਘ ਜੀ

(ਕਰਨੈਲ ਸਿੰਘ ਐੱਮ.ਏ.) ਗੁਰਮਤਿ ਸੰਗੀਤ ਦੀ ਪ੍ਰਫੁੱਲਤਾ ਲਈ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਆਰੰਭੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਦੀ ਲੜੀ ਦੇ ਪ੍ਰਵਾਹ ਨੂੰ ਨਿਰੰਤਰ ਅੱਗੇ ਤੋਰਦਿਆਂ ਹੋਇਆਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557ਵੇਂ ਪ੍ਰਕਾਸ਼ ਪੁਰਬ ਤੇ ਭਗਤ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਮਿਤੀ 26 ਨਵੰਬਰ ਤੋਂ 29 ਨਵੰਬਰ 2026 ਤੱਕ ਆਯੋਜਿਤ ਕੀਤੇ ਜਾਣ ਵਾਲੇ ਚਾਰ ਰੋਜ਼ਾ 35ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਨੂੰ ਯਾਦਗਾਰੀ ਗੁਰਮਤਿ ਸੰਗੀਤ ਸੰਮੇਲਨ ਬਣਾਉਣ ਲਈ ਸਾਰੀਆਂ ਪ੍ਰਬੰਧਕ ਤਿਆਰੀਆਂ ਬੜੇ ਜ਼ੋਰਾਂ- ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਕੀਤਾ। ਸੰਤ ਬਾਬਾ ਅਮੀਰ ਸਿੰਘ ਜੀ ਨੇ ਜਾਣਕਾਰੀ ਦੇਦਿਆਂ ਕਿਹਾ ਕਿ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਅੰਦਰ ਜਿੱਥੇ ਪੰਥ ਦੇ ਮਹਾਨ ਕੀਰਤਨੀ ਜੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਭਗਤ ਰਵਿਦਾਸ ਜੀ ਦੀ ਵੱਲੋਂ ਉਚਰੀ ਇਲਾਹੀ ਬਾਣੀ ਦਾ ਕੀਰਤਨ ਨਿਰਧਾਰਤ ਰਾਗਾਂ ਵਿੱਚ ਕਰਕੇ ਆਨੰਦਮਈ ਕੀਰਤਨ ਦੀਆਂ ਛਹਿਬਰਾਂ ਤੰਤੀ ਸਾਜ਼ਾਂ ਰਾਹੀਂ ਲਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ, ਉੱਥੇ 35ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੌਰਾਨ ਪੰਥ ਦੇ ਪ੍ਰਸਿੱਧ ਕੀਰਤਨੀਏ ਤੇ ਗੁਰਮਤਿ ਸੰਗੀਤ ਕਲਾ ਨੂੰ ਸਮਰਪਿਤ ਡਾ: ਜਤਿੰਦਰ ਸਿੰਘ ਜੀ (ਪ੍ਰੋ.ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ )ਨੂੰ ਸ਼੍ਰੋਮਣੀ ਗੁਰਮਤਿ ਸੰਗੀਤ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਸੰਤ ਬਾਬਾ ਅਮੀਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਚਾਰ ਰੋਜ਼ਾ ਚੱਲਣ ਵਾਲੇ 35ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ 26 ਨਵੰਬਰ ਦਿਨ ਵੀਰਵਾਰ ਨੂੰ ਸ਼ਾਮ ਛੇ ਵਜੇ ਅਰਦਾਸ ਨਾਲ ਹੋਵੇਗੀ । ਜਿਸ ਅੰਦਰ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਦੇ ਕੀਰਤਨੀ ਜੱਥੇ ਵੱਖ-ਵੱਖ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਨਗੇ। ਇਸੇ ਤਰ੍ਹਾਂ 27 ਨਵੰਬਰ ਦਿਨ ਸ਼ੁੱਕਰਵਾਰ ਦੇ ਰਾਤ ਦੇ ਦੀਵਾਨ ਅੰਦਰ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਦਿਆਰਥੀ ਅਤੇ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਸ਼੍ਰੀ ਗੁਰੂ ਗੁਰੂ ਨਾਨਕ ਦੇਵ ਜੀ ਤੇ ਭਗਤ ਰਵਿਦਾਸ ਜੀ ਵੱਲੋਂ ਉਚਰੀ ਇਲਾਹੀ ਗੁਰਬਾਣੀ ਦਾ ਕੀਰਤਨ ਨਿਰਧਾਰਤ ਰਾਗਾਂ ਵਿੱਚ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ 28 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਾਗਾਤਮਕ ਕੀਰਤਨ ਦਰਬਾਰ ਹੋਵੇਗਾ । ਜਿਸ ਅੰਦਰ ਵੱਖ- ਵੱਖ ਸਕੂਲਾਂ, ਕਾਲਜਾਂ ਤੇ ਅਕੈਡਮੀਆਂ ਦੇ ਵਿਦਿਆਰਥੀ ਅਤੇ ਨੌਜਵਾਨਾਂ ਦੇ ਸ਼ਬਦੀ ਜੱਥੇ ਗੁਰਬਾਣੀ ਦਾ ਕੀਰਤਨ ਕਰਨਗੇ, ਉਪਰੰਤ ਸ਼ਾਮ ਦੇ ਦੀਵਾਨਾਂ ਵਿੱਚ ਨਿਰਧਾਰਤ ਰਾਗਾਂ ਵਿੱਚ ਕੀਰਤਨ ਦਰਬਾਰ ਦਾ ਆਯੋਜਨ ਹੋਵੇਗਾ। ਇਸੇ ਤਰ੍ਹਾਂ ਮਿਤੀ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ ਨਿੱਤਨੇਮ, ਆਸਾ ਦੀ ਵਾਰ ਤੇ ਲੜੀਵਾਰ ਗੁਰਸ਼ਬਦ ਵਿਚਾਰ ਅਤੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ । ਸ਼ਾਮ ਨੂੰ ਨਿਰਧਾਰਤ ਰਾਗਾਂ ਵਿੱਚ ਮਹਾਨ ਕੀਰਤਨ ਸਮਾਗਮ ਕਰਵਾਇਆ ਜਾਵੇਗਾ।ਜਿਸ ਅੰਦਰ ਤਖਤ ਸਾਹਿਬਾਨ ਦੇ ਸਿੰਘ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਪ੍ਰਮੁੱਖ ਪੰਥਕ ਸ਼ਖ਼ਸ਼ੀਅਤਾਂ, ਵੱਖ- ਵੱਖ ਸੰਪ੍ਰਦਾਵਾਂ ਦੇ ਸੰਤ ਮਹਾਂਪੁਰਖ, ਨਿਹੰਗ ਜੱਥੇਬੰਦੀਆਂ ਦੇ ਜੱਥੇਦਾਰ ਸਾਹਿਬ ਅਤੇ ਗੁਰਮਤਿ ਸੰਗੀਤ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੀਆਂ। ਸੰਤ ਬਾਬਾ ਅਮੀਰ ਸਿੰਘ ਜੀ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਕਿ ਚਾਰ ਰੋਜ਼ਾ ਚੱਲਣ ਵਾਲੇ ਗੁਰਮਤਿ ਸੰਗੀਤ ਦੇ ਇਸ ਮਹਾਨ ਕੁੰਭ ਅੰਦਰ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜਣਗੀਆਂ। ਉਨ੍ਹਾਂ ਨੇ ਸਮੂਹ ਸੰਗਤਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਆਯੋਜਿਤ ਕੀਤੇ ਜਾਣ ਵਾਲੇ 35ਵੇਂ ਗੁਰਮਤਿ ਸੰਗੀਤ ਸੰਮੇਲਨ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਇਸ ਨੂੰ ਇੱਕ ਅਦੁੱਤੀ ਯਾਦਗਾਰੀ ਗੁਰਮਤਿ ਸੰਗੀਤ ਸੰਮੇਲਨ ਬਣਾਉਣ।