ਕੈਨੇਡਾ ਦੇ ਸਰੀ ਸ਼ਹਿਰ ਵਿੱਚ ਹਥਿਆਰਬੰਦ ਲੁਟੇਰਿਆਂ ਦਾ ਕਹਿਰ, ਕਾਰੋਬਾਰੀਆਂ ਵਿੱਚ ਦਹਿਸ਼ਤ
- ਵਿਦੇਸ਼
- (Asia/Kolkata)
ਕੈਨੇਡਾ ਦੇ ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸ਼ਹਿਰ ਸਰੀ ਤੋਂ ਇੱਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪ੍ਰਸਿੱਧ ਬ੍ਰਾਈਡਲ ਸ਼ੋਅਰੂਮ ਵਿੱਚ ਦਿਨ-ਦਿਹੜੇ ਹਥਿਆਰਬੰਦ ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਗਹਿਣੇ ਲੁੱਟ ਲਏ। ਇਸ ਵਾਰਦਾਤ ਤੋਂ ਬਾਅਦ ਸਥਾਨਕ ਕਾਰੋਬਾਰੀਆਂ ਅਤੇ ਪੰਜਾਬੀ ਭਾਈਚਾਰੇ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਰੀ ਦੇ ਮਸ਼ਹੂਰ ‘ਪਾਇਲ ਬਿਜ਼ਨੈੱਸ ਸੈਂਟਰ’ ਵਿੱਚ ਵਾਪਰੀ। ਦੁਪਹਿਰ ਦੇ ਸਮੇਂ ਵਿਆਹਾਂ ਲਈ ਮਹਿੰਗੇ ਲਹਿੰਗਿਆਂ, ਸ਼ੇਰਵਾਨੀਆਂ ਅਤੇ ਡਿਜ਼ਾਈਨਰ ਗਹਿਣਿਆਂ ਲਈ ਮਸ਼ਹੂਰ ਇੱਕ ਸਟੋਰ ਵਿੱਚ ਮੂੰਹ ਢੱਕੇ ਤਿੰਨ ਨੌਜਵਾਨ ਦਾਖਲ ਹੋਏ। ਅੰਦਰ ਦਾਖਲ ਹੁੰਦਿਆਂ ਹੀ ਉਨ੍ਹਾਂ ਨੇ ਸਟਾਫ਼ ਮੈਂਬਰਾਂ ‘ਤੇ ਬੰਦੂਕ ਅਤੇ ਚਾਕੂ ਤਾਣ ਦਿੱਤੇ। ਲੁਟੇਰਿਆਂ ਨੇ ਗੱਲੇ ਵਿੱਚ ਮੌਜੂਦ ਸਾਰੀ ਨਕਦੀ ਲੁੱਟ ਲਈ ਅਤੇ ਸਟਾਫ਼ ਦੇ ਪਾਏ ਹੋਏ ਸੋਨੇ ਦੇ ਗਹਿਣੇ ਵੀ ਜ਼ਬਰਦਸਤੀ ਉਤਾਰ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਸਰੀ ਪੁਲੀਸ (RCMP) ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਹਾਲਾਂਕਿ ਦੇਰ ਰਾਤ ਤੱਕ ਪੁਲੀਸ ਨੂੰ ਲੁਟੇਰਿਆਂ ਬਾਰੇ ਕੋਈ ਵੱਡਾ ਸੁਰਾਗ ਨਹੀਂ ਮਿਲ ਸਕਿਆ ਸੀ। ਦਿਨ-ਦਿਹੜੇ ਵਾਪਰੀ ਇਸ ਲੁੱਟ ਦੀ ਘਟਨਾ ਤੋਂ ਬਾਅਦ ਸਥਾਨਕ ਕਾਰੋਬਾਰੀਆਂ ਅਤੇ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਇਲਾਕੇ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੀਆਂ ਵਾਰਦਾਤਾਂ ਕਾਰਨ ਕਾਰੋਬਾਰ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਦੇ ਮਨਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ। ਇਸੇ ਦੌਰਾਨ ਸਰੀ ਨਾਲ ਲੱਗਦੇ ਸ਼ਹਿਰ ਲੈਂਗਲੀ ਤੋਂ ਵੀ ਹਿੰਸਾ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਲੈਂਗਲੀ ਦੇ 55 ਐਵੇਨਿਊ ਅਤੇ 200 ਸਟਰੀਟ ਸਥਿਤ ਇੱਕ ਅਪਾਰਟਮੈਂਟ ਇਮਾਰਤ ਵਿੱਚ ਕੁਝ ਹਥਿਆਰਬੰਦ ਵਿਅਕਤੀਆਂ ਨੇ ਜ਼ਬਰਦਸਤੀ ਦਾਖਲ ਹੋ ਕੇ ਇੱਕ 40 ਸਾਲਾ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਮੁਤਾਬਕ ਇਹ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ। ਜਾਂਚ ਅਧਿਕਾਰੀਆਂ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੋਵਾਂ ਘਟਨਾਵਾਂ ਨਾਲ ਜੁੜੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਲੈਂਗਲੀ ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਕਿਸੇ ਗੈਂਗਵਾਰ ਜਾਂ ਫਿਰੌਤੀ ਨਾਲ ਜੁੜਿਆ ਨਹੀਂ ਲੱਗਦਾ, ਸਗੋਂ ਇਹ ਨਿੱਜੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ। ਮ੍ਰਿਤਕ ਦੀ ਪਛਾਣ ਜਨਤਕ ਕਰਨ ਲਈ ਉਸ ਦੇ ਪਰਿਵਾਰ ਦੀ ਮਨਜ਼ੂਰੀ ਦੀ ਉਡੀਕ ਕੀਤੀ ਜਾ ਰਹੀ ਹੈ।
Leave a Reply