ਬਰਨਾਲਾ : ਭਾਰਤੀ ਕਿਸਾਨ ਯੂਨੀਅਨ (ਕਾਦੀਆ) ਬਰਨਾਲਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਝੋਨੇ ਦੀ ਕਟਾਈ ਮੌਕੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਸ਼ਾਸਨ ਤੇ ਸਰਕਾਰ ਕਿਸਾਨਾਂ ’ਤੇ ਦੱਬਕੇ ਮਾਰਦਾ ਸੀ ਤੇ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਤੋਂ ਰੋਕਦਾ ਸੀ, ਕਿਸਾਨਾਂ ’ਤੇ ਪਰਚੇ ਦਰਜ ਕਰਦੇ ਸੀ, ਜਿਸ ਤੋਂ ਸਹਿਮੇ ਕਿਸਾਨਾਂ ਨੇ ਝੋਨੇ ਦੀ ਰਹਿੰਦ-ਖੂਹੰਦ ਨੂੰ ਜ਼ਮੀਨ ’ਚ ਹੀ ਰਲਾ ਕੇ ਸੁਪਰਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ। ਅੱਜ ਉਨ੍ਹਾਂ ਕਿਸਾਨਾਂ ਦੀ ਕਣਕ ’ਤੇ ਸੁੰਡੀ ਨੇ ਵੱਡੀ ਪੱਧਰ ’ਤੇ ਹਮਲਾ ਕਰ ਦਿੱਤਾ ਹੈ, ਇਸ ਨਾਲ ਕਿਸਾਨ ਦੀ ਬੀਜੀ ਕਣਕ ਖ਼ਰਾਬ ਹੋਣ ਕਾਰਨ ਖੇਤਾਂ ਦੇ ਖੇਤ ਵਿਹਲੇ ਹੋ ਗਏ ਹਨ। ਇਸ ਨਾਲ ਆਰਥਿਕ ਮੰਦੀ ’ਚੋਂ ਲੰਘ ਰਹੇ ਕਿਸਾਨ ਕਿੱਤੇ ਨੂੰ ਵੱਡੀ ਪੱਧਰ ’ਤੇ ਖੋਰਾ ਲੱਗ ਰਿਹਾ ਹੈ। ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੁੰਡੀ ਕਾਰਨ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ। ਕਿਉਕਿ ਕਣਕ ਦਾ ਬੀਜ, ਡੀਏਪੀ ਖਾਦ ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਕਿਸਾਨਾਂ ਨੇ ਕਣਕ ਬੀਜੀ ਸੀ। ਹੁਣ ਪ੍ਰਸ਼ਾਸਨ ਤੇ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ। ਜੇਕਰ ਸਰਕਾਰ ਨੇ ਹੁਣ ਕਿਸਾਨਾਂ ਦੀ ਆਰਥਿਕ ਮਦਦ ਨਾ ਕੀਤੀ ਤਾਂ ਪਹਿਲਾਂ ਤੋਂ ਕਰਜੇ ਦੀ ਮਾਰ ਝੱਲ ਰਹੇ ਕਿਸਾਨਾਂ ’ਤੇ ਕਰਜੇ ਦਾ ਬੋਝ ਹੋਰ ਵਧੇਗਾ। ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਆਉਣ ਵਾਲੇ ਸਮੇ ’ਚ ਕਿਸਾਨ ਅਜਿਹੇ ਹਲਾਤਾਂ ਨੂੰ ਦੇਖ ਕੇ ਮਜਬੂਰੀਬਸ ਝੋਨੇ ਦੀ ਰਹਿੰਦ-ਖੂਹੰਦ ਨੂੰ ਅੱਗ ਵੀ ਲਗਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਯੋਗ ਮੁਆਵਜੇ ਦਾ ਐਲਾਨ ਨਾ ਕੀਤਾ ਤਾਂ 16 ਦਸੰਬਰ ਨੂੰ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਜਾਵੇਗਾ। ਇਸ ਦੀ ਸਾਰੀ ਜਿੰਮੇਵਾਰੀ ਮੋਜੂਦਾ ਸਰਕਾਰ ਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਸੂਬਾ ਆਗੂ ਗੁਰਨਾਮ ਸਿੰਘ ਠੀਕਰੀਵਾਲ, ਬਲਦੇਵ ਸਿੰਘ ਬਿੱਟੂ ਝਲੂਰ, ਸਿੰਕਦਰ ਸਿੰਘ ਸਰਪੰਚ, ਭੁਪਿੰਦਰ ਸਿੰਘ ਬਿੱਟੂ ਰੂੜੇਕੇ ਕਲਾ, ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰਾ, ਜਸਵੀਰ ਸਿੰਘ ਕਾਲੇਕੇ, ਰਣਧੀਰ ਸਿੰਘ ਸੇਖਾ, ਰਾਜਿੰਦਰ ਸਿੰਘ ਦਰਾਕਾ, ਬੂਟਾ ਸਿੰਘ ਮੱਲੀਆ, ਜਗਤ ਸਿੰਘ ਧੂਰਕੋਟ, ਬਲਵਿੰਦਰ ਸਿੰਘ ਛਾਪਾ, ਕਰਨੈਲ ਸਿੰਘ ਝਲੂਰ, ਗੁਰਪ੍ਰੀਤ ਸਿੰਘ ਪੱਖੋਕੇ, ਜੱਗਾ ਮਾਨ ਸੇਖਾ, ਰਣਜੀਤ ਸਿੰਘ ਮਿੱਠੂ ਕਲਾਲਾ, ਹਰਭਜਨ ਸਿੰਘ ਸੁਰਜੀਤਪੁਰਾ, ਕੋਮਲਦੀਪ ਸਿੰਘ ਧਨੌਲਾ, ਬਲਜਿੰਦਰ ਸਿੰਘ ਵਜੀਦਕੇ, ਤੇਜਾ ਸਿੰਘ ਕੱਟੂ, ਗੁਰਵਿੰਦਰ ਸਿੰਘ ਧਨੌਲਾ ਤੇ ਬੁੱਗਰ ਸਿੰਘ ਫਰਵਾਹੀ ਆਦਿ ਹਾਜ਼ਰ ਸਨ।
Leave a Reply