15 ਮਾਰਚ ਤੱਕ ਆਂਗਣਵਾੜੀ ਕੇਂਦਰਾਂ ‘ਚ ਮਨਾਇਆ ਜਾ ਰਿਹੈ “ਸਵੱਛਤਾ ਪਖਵਾੜਾ
- ਸੰਗਰੂਰ
- (Asia/Kolkata)
(ਜਗਸੀਰ ਸਿੰਘ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਹੁਕਮਾਂ ਅਨੁਸਾਰ 1 ਮਾਰਚ ਤੋਂ 15 ਮਾਰਚ 2026 ਤੱਕ ਸੂਬੇ ਦੇ ਆਂਗਣਵਾੜੀ ਕੇਂਦਰਾਂ ਵਿੱਚ “ਸਵੱਛਤਾ ਪਖਵਾੜਾ” ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸੰਗਰੂਰ ਵਿੱਚ ਵੀ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਦੀ ਯੋਗ ਅਗਵਾਈ ‘ਚ ਵਿਸਥਾਰਪੂਰਵਕ ਗਤੀਵਿਧੀਆਂ ਕੀਤੀਆਂ ਜਾਣਗੀਆਂ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਸੰਗਰੂਰ ਸ਼੍ਰੀ ਪ੍ਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਪਖਵਾੜੇ ਦੌਰਾਨ ਆਂਗਣਵਾੜੀ ਕੇਂਦਰਾਂ ਵਿੱਚ ਸਫਾਈ ਅਤੇ ਸਿਹਤ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਪਹਿਲੇ ਹਫ਼ਤੇ ਦੌਰਾਨ ਕੇਂਦਰਾਂ ਦੀਆਂ ਫਰਸ਼ਾਂ, ਕੰਧਾਂ, ਖਿੜਕੀਆਂ ਅਤੇ ਸਟੋਰੇਜ ਸ਼ੈਲਫ਼ਾਂ ਦੀ ਸਫਾਈ, ਬੇਕਾਰ ਸਮੱਗਰੀ ਦੀ ਹਟਾਉਣ, ਜਿੱਥੇ ਸੰਭਵ ਹੋਵੇ ਉਥੇ ਚੂਨਾ/ਰੰਗ-ਰੋਗਨ, ਕੂੜੇ ਦੀ ਛਾਂਟੀ ਅਤੇ ਪਲਾਸਟਿਕ-ਮੁਕਤ ਆਂਗਣਵਾੜੀ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਪਾਣੀ ਵਾਲੇ ਭਾਂਡਿਆਂ ਅਤੇ ਸੁਰੱਖਿਅਤ ਖੁਰਾਕ ਸੰਭਾਲ ਸਬੰਧੀ ਡੈਮੋਨਸਟਰੇਸ਼ਨ ਵੀ ਕਰਵਾਈ ਜਾਵੇਗੀ। ਦੂਜੇ ਹਫ਼ਤੇ ਦੌਰਾਨ ਬੱਚਿਆਂ ਅਤੇ ਮਾਵਾਂ ਵਿੱਚ ਸਿਹਤ ਅਤੇ ਸਫਾਈ ਪ੍ਰਤੀ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ। ਮਹਿਲਾ ਦਿਵਸ ਦੇ ਮੌਕੇ ‘ਤੇ ਘਰੇਲੂ ਸਫਾਈ ਸਬੰਧੀ ਵਿਸ਼ੇਸ਼ ਬੈਠਕਾਂ, ਟਾਇਲਟ ਅਤੇ ਹੋਰ ਪਾਣੀ ਵਾਲੇ ਖੇਤਰਾਂ ਦੀ ਸਫਾਈ, ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣਾ, ਬੱਚਿਆਂ ਨੂੰ ਸਹੀ ਤਰੀਕੇ ਨਾਲ ਹੱਥ ਧੋਣ ਦੀ ਪ੍ਰਕਿਰਿਆ ਸਿਖਾਉਣਾ, ਸਫਾਈ ਵਿਸ਼ੇ ‘ਤੇ ਡਰਾਇੰਗ/ਕਲਰਿੰਗ ਮੁਕਾਬਲੇ ਅਤੇ ਰਾਈਮਜ਼ ਤੇ ਕਹਾਣੀਆਂ ਰਾਹੀਂ ਜਾਗਰੂਕਤਾ ਫੈਲਾਈ ਜਾਵੇਗੀ। ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਪ੍ਰਦੀਪ ਸਿੰਘ ਗਿੱਲ ਨੇ ਕਿਹਾ ਕਿ ਸਾਰੇ ਬਲਾਕਾਂ ਦੇ ਸੀ.ਡੀ.ਪੀ.ਓਜ਼ ਅਤੇ ਆਂਗਣਵਾੜੀ ਵਰਕਰ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਅਤੇ ਰੋਜ਼ਾਨਾ ਗਤੀਵਿਧੀਆਂ ਦੀਆਂ ਤਸਵੀਰਾਂ ਅਤੇ ਰਿਪੋਰਟ ਭੇਜਣ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਵੱਛਤਾ ਅਤੇ ਸਿਹਤਮੰਦ ਆਦਤਾਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਜ਼ਰੂਰੀ ਹਨ ਅਤੇ ਇਸ ਪਖਵਾੜੇ ਦਾ ਮੁੱਖ ਉਦੇਸ਼ ਬੱਚਿਆਂ ਅਤੇ ਮਾਵਾਂ ਵਿੱਚ ਸਫਾਈ ਪ੍ਰਤੀ ਚੇਤਨਾ ਪੈਦਾ ਕਰਨਾ ਹੈ।
Leave a Reply