ਮੋਹਾਲੀ ਦੇ ਸੈਕਟਰ 70 ਵਿੱਚ ਹੋਈ ਵਿਸ਼ਾਲ ਮੀਟਿੰਗ, ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਉੱਠੀ ਆਵਾਜ਼

ਮੋਹਾਲੀ ਦੇ ਸੈਕਟਰ 70 ਵਿੱਚ ਹੋਈ ਵਿਸ਼ਾਲ ਮੀਟਿੰਗ, ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਉੱਠੀ ਆਵਾਜ਼

ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਇਸ ਤਹਿਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਪਟਵਾਰੀ ਨੇ ਵਾਰਡ ਨੰਬਰ 34 ਤੋਂ ਆਪਣੀ ਨਾਮਜ਼ਦਗੀ ਦਾਖਲ ਕਰਵਾਈ। ਇਸ ਮੌਕੇ ਇਲਾਕੇ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ। ਵਾਰਡ ਨੰਬਰ 34 ਅਧੀਨ ਪੈਂਦੇ ਐਮ ਆਈ ਜੀ ਸੂਪਰ, ਐਮ ਆਈ ਜੀ ਇੰਡੀਪੈਂਡੇਟ, ਰਿਸ਼ੀ ਅਪਾਰਟਮੈਂਟ ਅਤੇ ਹੋਰ ਇਲਾਕਿਆਂ ਦੇ ਵਸਨੀਕਾਂ ਵੱਲੋਂ ਸੈਕਟਰ 70 ਦੀ ਪਾਰਕ ਵਿੱਚ ਇੱਕ ਵਿਸ਼ਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਆਪਣਾ ਸਮਰਥਨ ਜਤਾਇਆ। ਮੀਟਿੰਗ ਦੌਰਾਨ ਵਾਰਡ ਦੇ ਵਿਕਾਸ ਕਾਰਜਾਂ, ਲੋਕਾਂ ਨੂੰ ਦਰਪੇਸ਼ ਮੁੱਖ ਸਮੱਸਿਆਵਾਂ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੌਕੇ ਵੈਲਫੇਅਰ ਐਸੋਸੀਏਸ਼ਨ ਐਮ ਆਈ ਜੀ (ਸੂਪਰ) ਦੇ ਪ੍ਰਧਾਨ ਆਰ ਪੀ ਕੰਬੋਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਪਟਵਾਰੀ ਵੱਲੋਂ ਪਿਛਲੇ ਸਮੇਂ ਦੌਰਾਨ ਵਾਰਡ ਵਿੱਚ ਕਈ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪਟਵਾਰੀ ਹਮੇਸ਼ਾ ਲੋਕਾਂ ਵਿਚ ਰਹਿ ਕੇ ਕੰਮ ਕਰਨ ਵਾਲੇ ਆਗੂ ਰਹੇ ਹਨ ਅਤੇ ਹਰ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਰਹਿੰਦੇ ਹਨ। ਸੁਖਦੇਵ ਸਿੰਘ ਪਟਵਾਰੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋਕ ਹਿੱਤ ਨੂੰ ਪਹਿਲ ਦਿੱਤੀ ਹੈ ਅਤੇ ਵਾਰਡ ਨੰਬਰ 34 ਉਨ੍ਹਾਂ ਲਈ ਇੱਕ ਪਰਿਵਾਰ ਵਾਂਗ ਹੈ। ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਅਤੇ ਵਿਸ਼ਵਾਸ ਨਾਲ ਉਹ ਹੋਰ ਉਤਸ਼ਾਹ ਨਾਲ ਵਿਕਾਸ ਕਾਰਜ ਜਾਰੀ ਰੱਖਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਵਾਰਡ ਦੀਆਂ ਬੁਨਿਆਦੀ ਸਹੂਲਤਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤ ਬਣਾਇਆ ਜਾਵੇਗਾ। ਇਸ ਦੌਰਾਨ ਸੁਖਦੇਵ ਸਿੰਘ ਪਟਵਾਰੀ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਐਸ ਡੀ ਐਮ ਮੋਹਾਲੀ ਕੋਲ ਆਪਣੀ ਨਾਮਜ਼ਦਗੀ ਵੀ ਦਾਖਲ ਕੀਤੀ। ਮੀਟਿੰਗ ਵਿੱਚ ਰਿਸ਼ੀ ਅਪਾਰਟਮੈਂਟ ਵੱਲੋਂ ਸਤਪਾਲ ਸਿੰਘ ਘੁੰਮਣ ਅਤੇ ਜਨਰਲ ਸਕੱਤਰ ਪੁਨੀਤ ਭਾਰਦਵਾਜ ਨੇ ਵੀ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਵਾਰਡ ਦੇ ਲੋਕ ਵਿਕਾਸ ਅਤੇ ਇਮਾਨਦਾਰ ਲੀਡਰਸ਼ਿਪ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਸੁਖਦੇਵ ਸਿੰਘ ਪਟਵਾਰੀ ਨਾਲ ਜੁੜ ਰਹੇ ਹਨ। ਮੀਟਿੰਗ ਦੇ ਅੰਤ ਵਿੱਚ ਸੁਖਦੇਵ ਸਿੰਘ ਪਟਵਾਰੀ ਨੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਵਾਰਡ ਨੰਬਰ 34 ਨੂੰ ਇੱਕ ਮਿਸਾਲੀ ਵਾਰਡ ਬਣਾਇਆ ਜਾਵੇਗਾ। ਇਸ ਮੌਕੇ ਆਰ ਕੇ ਗੁਪਤਾ, ਕੁਲਵੰਤ ਸਿੰਘ, ਮਨਜੀਤ ਸਿੰਘ, ਬਲਵਿੰਦਰ ਸਿੰਘ, ਬਲਜੀਤ ਸਿੰਘ, ਬਿਪਨਜੀਤ ਸਿੰਘ, ਆਰ ਕੇ ਸ਼ਰਮਾ, ਅਵਿਨਾਸ਼, ਕਮਲਜੀਤ ਕੌਰ, ਸੁਨੀਤਾ ਟਿੱਕੂ, ਰੂਪਿੰਦਰ ਸਰਾਓ, ਜੀ ਪੀ ਐਸ ਸੰਧੂ, ਸਵਰਨਜੀਤ ਸ਼ਰਮਾ ਅਤੇ ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ।