ਆਪ' ਨੇ 1000 ਵਾਲਾ ਵਾਅਦਾ ਪੂਰਾ ਨਾ ਕਰਕੇ ਔਰਤਾਂ ਨਾਲ ਸਿਆਸੀ ਧੋਖਾਧੜੀ ਕੀਤੀ-ਵਿਧਾਇਕ ਕਾਲਾ ਢਿੱਲੋਂ
- ਬਰਨਾਲਾ
- (Asia/Kolkata)
- ਔਰਤਾਂ ਨਾਲ ਕੀਤੀ ਗਰੰਟੀ ਪੂਰੀ ਕਰੇ ਜਾਂ ਭਗਵੰਤ ਮਾਨ ਅਸਤੀਫ਼ਾ ਦੇਵੇ -ਮਨਵਿੰਦਰ ਕੌਰ ਪੱਖੋ
ਬਰਨਾਲਾ,31 ਦਸੰਬਰ ( ਬਲਜਿੰਦਰ ਸਿੰਘ ਚੌਹਾਨ)-
-ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ 'ਚ 1000 ਪ੍ਰਤੀ ਮਹੀਨਾ ਰਾਸ਼ੀ ਪਾਉਣ ਦਾ ਵਾਅਦਾ ਪੂਰਾ ਨਾ ਕਰਕੇ ਧੋਖਾਧੜੀ ਕੀਤੀ ਹੈ, ਜਿਸ ਦਾ ਖਮਿਆਜ਼ਾ ਆਮ ਆਦਮੀ ਪਾਰਟੀ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਥਾਨਕ ਕਚਹਿਰੀ ਚੌਂਕ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੂਬੇ ਦੀਆਂ ਮਹਿਲਾਵਾਂ ਨੂੰ ਗੁੰਮਰਾਹ ਕੀਤਾ, ਪ੍ਰੰਤੂ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ 'ਆਪ' ਨੂੰ ਮਹਿਲਾਵਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਆਪ ਤੋਂ ਕਈ ਖ਼ੈਰਾਤ ਨਹੀਂ ਸਗੋਂ ਆਪਣਾ ਹੱਕ ਮੰਗਦੀਆਂ ਹਨ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਗੁਮਰਾਹ ਕਰਕੇ ਵੋਟਾਂ ਬਟੋਰੀਆਂ ਪ੍ਰੰਤੂ ਜਦ ਮਹਿਲਾਵਾਂ ਨਾਲ ਕੀਤੀ ਗਰੰਟੀ ਪੂਰਾ ਕਰਨ ਦਾ ਸਮਾਂ ਆਇਆ ਤਾਂ ਆਪ ਨੇ ਚੁੱਪ ਵੱਟ ਲਈ। ਇਸ ਮੌਕੇ ਪੰਜਾਬ ਕਾਂਗਰਸ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਕੌਰ ਪੱਖੋ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ 1000 ਪ੍ਰਤੀ ਮਹੀਨਾ ਪਾਉਣ ਦਾ ਆਮ ਆਦਮੀ ਪਾਰਟੀ ਦਾ ਵਾਅਦਾ ਹੀ ਨਹੀਂ ਸਗੋਂ ਇੱਕ ਗਰੰਟੀ ਵੀ ਸੀ ਜਿਹੜੀ ਆਪ ਸਰਕਾਰ ਦੇ ਲੱਗਭੱਗ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਪੂਰੀ ਨਹੀਂ ਹੋਈ। ਉਹਨਾਂ ਕਿਹਾ ਕਿ ਆਪ ਨੇ ਪੰਜਾਬ ਦੀਆਂ ਮਾਤਾਵਾਂ, ਭੈਣਾਂ, ਧੀਆਂ ਨਾਲ ਇੱਕ ਵੱਡੀ ਸਿਆਸੀ ਧੋਖਾਧੜੀ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਆਪਣੀ ਗਰੰਟੀ ਅਨੁਸਾਰ ਜਾਂ ਤਾਂ ਹੁਣ ਤੱਕ ਦੇ ਸਾਰੇ ਕਾਰਜਕਾਲ ਦੇ ਇਕੱਠੇ ਪੈਸੇ ਪੰਜਾਬ ਦੀਆਂ ਮਹਿਲਾਵਾਂ ਦੇ ਖਾਤਿਆਂ ਵਿੱਚ ਪਾਵੇ ਜਾਂ ਫਿਰ ਭਗਵੰਤ ਮਾਨ ਅਸਤੀਫ਼ਾ ਦੇ ਦੇਵੇ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਮਾਤਾ ਭਾਗੋ ਦੀਆਂ ਵਾਰਸ ਹਨ ਜੋ ਸਮਾਂ ਆਉਣ 'ਤੇ ਫੈਸਲਾਕੁੰਨ ਸੰਘਰਸ਼ ਕਰਨ ਦੇ ਸਮਰੱਥ ਹਨ। ਜ਼ਿਲ੍ਹਾ ਪ੍ਰਧਾਨ ਮਨਵਿੰਦਰ ਕੌਰ ਪੱਖੋ ਨੇ ਆਪ ਨੂੰ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ ਮਹਿਲਾਵਾਂ ਨੂੰ ਉਹਨਾਂ ਦਾ ਹੱਕ ਦੇਣ ਸਬੰਧੀ ਆਮ ਆਦਮੀ ਪਾਰਟੀ ਦੀ ਇਹ ਚੁੱਪ 2027 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੀਕਾਂ ਵਿੱਚ ਬਦਲ ਜਾਵੇਗੀ।
Leave a Reply