ਕੈਲੀਫੋਰਨੀਆ ਵਿੱਚ ਟਰੱਕ ਚਲਾਉਣ ਵਾਲੇ ਪੰਜਾਬੀ ਨੂੰ 75 ਸਾਲ ਕੈਦ, ਕੋਕੀਨ ਤਸਕਰੀ ਦਾ ਦੋਸ਼ ਸਾਬਤ
- ਪੰਜਾਬ
- (Asia/Kolkata)
ਅਮਰੀਕਾ ਵਿੱਚ ਕੋਕੀਨ ਤਸਕਰੀ ਦੇ ਇੱਕ ਮਾਮਲੇ ਵਿੱਚ ਪੰਜਾਬ ਨਾਲ ਸੰਬੰਧਤ ਟਰੱਕ ਡਰਾਈਵਰ ਜੋਬਨਪ੍ਰੀਤ ਸਿੰਘ ਨੂੰ ਅਦਾਲਤ ਵੱਲੋਂ 75 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੋਬਨਪ੍ਰੀਤ ਸਿੰਘ ਕੈਲੀਫੋਰਨੀਆ ਵਿੱਚ ਟਰੱਕ ਚਲਾਉਂਦਾ ਸੀ ਅਤੇ ਉਸ ‘ਤੇ ਵੱਡੀ ਮਾਤਰਾ ਵਿੱਚ ਕੋਕੀਨ ਦੀ ਢੋਆ-ਢੁਆਈ ਕਰਨ ਦਾ ਦੋਸ਼ ਸੀ। ਅਧਿਕਾਰੀਆਂ ਮੁਤਾਬਕ 17 ਅਪ੍ਰੈਲ 2025 ਨੂੰ ਇਲੀਨੋਇਸ ਦੇ ਲੇਰੋਏ ਨੇੜੇ ਇੰਟਰਸਟੇਟ-74 ‘ਤੇ ਟ੍ਰੈਫਿਕ ਜਾਂਚ ਦੌਰਾਨ ਉਸ ਦੇ ਟਰੱਕ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਟਰੱਕ ਵਿੱਚੋਂ ਲਗਭਗ 234 ਪੌਂਡ, ਅਰਥਾਤ ਕਰੀਬ 106 ਕਿਲੋਗ੍ਰਾਮ ਕੋਕੀਨ ਬਰਾਮਦ ਹੋਈ। ਅਧਿਕਾਰੀਆਂ ਨੇ ਇਸ ਦੀ ਕੀਮਤ ਲਗਭਗ 10.6 ਮਿਲੀਅਨ ਡਾਲਰ, ਯਾਨੀ ਕਰੀਬ 90 ਕਰੋੜ ਰੁਪਏ ਦੱਸੀ ਹੈ। ਪੁਲਿਸ ਦੇ ਅਨੁਸਾਰ ਕੋਕੀਨ ਨੂੰ ਕੂੜੇ ਦੇ ਥੈਲਿਆਂ ਵਿੱਚ ਲੁਕਾ ਕੇ ਲਿਜਾਇਆ ਜਾ ਰਿਹਾ ਸੀ। ਹਾਲਾਂਕਿ, ਜੋਬਨਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਟਰੱਕ ਵਿੱਚ ਮੌਜੂਦ ਨਸ਼ੀਲੇ ਪਦਾਰਥ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਤੋਂ ਬਾਅਦ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਈਆਂ ਵਟਸਐਪ ਚੈਟਾਂ ਵਿੱਚ ਕਥਿਤ ਤੌਰ ‘ਤੇ ਕੋਕੀਨ ਦੀ ਡਿਲੀਵਰੀ ਲਈ 5,400 ਡਾਲਰ ਦੇ ਇਕ ਸਮਝੌਤੇ ਦਾ ਜ਼ਿਕਰ ਮਿਲਿਆ, ਜਿਸ ਨੂੰ ਮਾਮਲੇ ਵਿੱਚ ਅਹਿਮ ਸਬੂਤ ਮੰਨਿਆ ਗਿਆ। ਅਦਾਲਤ ਦੇ ਹੁਕਮਾਂ ਅਨੁਸਾਰ 30 ਸਾਲਾ ਜੋਬਨਪ੍ਰੀਤ ਸਿੰਘ ਨੂੰ 55 ਸਾਲਾਂ ਤੱਕ ਜੇਲ੍ਹ ਤੋਂ ਰਿਹਾਈ ਨਹੀਂ ਮਿਲੇਗੀ। ਇਸ ਤਰ੍ਹਾਂ ਉਹ 85 ਸਾਲ ਦੀ ਉਮਰ ਤੋਂ ਪਹਿਲਾਂ ਪੈਰੋਲ ਜਾਂ ਜ਼ਮਾਨਤ ਲਈ ਯੋਗ ਨਹੀਂ ਹੋਵੇਗਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਸ ਵੱਲੋਂ ਪਹਿਲਾਂ ਹੀ ਜੇਲ੍ਹ ਵਿੱਚ ਬਿਤਾਏ ਗਏ 407 ਦਿਨਾਂ ਨੂੰ ਸਜ਼ਾ ਦੀ ਮਿਆਦ ਵਿੱਚ ਸ਼ਾਮਲ ਕੀਤਾ ਜਾਵੇਗਾ।
Leave a Reply