ਗੁਰੂਗ੍ਰਾਮ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 3 ਤੋਂ 4 ਫੁੱਟ ਪਾਣੀ ‘ਚ ਡੁੱਬੀਆਂ ਸੜਕਾਂ

ਗੁਰੂਗ੍ਰਾਮ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 3 ਤੋਂ 4 ਫੁੱਟ ਪਾਣੀ ‘ਚ ਡੁੱਬੀਆਂ ਸੜਕਾਂ

ਦਿੱਲੀ-ਐੱਨ.ਸੀ.ਆਰ. ਵਿੱਚ ਸੋਮਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਗੁਰੂਗ੍ਰਾਮ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਜਲ-ਥਲ ਦੀ ਸਥਿਤੀ ਬਣ ਗਈ। ਸੜਕਾਂ ‘ਤੇ ਪਾਣੀ ਭਰਨ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ‘ਤੇ ਲੰਬੇ ਟ੍ਰੈਫ਼ਿਕ ਜਾਮ ਲੱਗੇ। ਭਾਰੀ ਪਾਣੀ ਭਰਨ ਕਾਰਨ ਗੁਰੂਗ੍ਰਾਮ ਵਿੱਚ ਕਈ ਸਕੂਲੀ ਬੱਸਾਂ ਵੀ ਸੜਕਾਂ ‘ਤੇ ਫਸ ਗਈਆਂ। ਇਨ੍ਹਾਂ ਬੱਸਾਂ ਵਿੱਚ ਬੱਚੇ ਮੌਜੂਦ ਸਨ। ਕੁਝ ਬੱਚੇ ਪਾਣੀ ਵਿੱਚੋਂ ਲੰਘ ਕੇ ਬਾਹਰ ਨਿਕਲੇ, ਜਦਕਿ ਕੁਝ ਬੱਚੇ ਬੱਸਾਂ ਦੇ ਅੰਦਰ ਹੀ ਬੈਠੇ ਰਹੇ। ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਦਰਮਿਆਨ ਗੁਰੂਗ੍ਰਾਮ ਵਿੱਚ ਕਰੀਬ 75 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਰਾਜੀਵ ਚੌਂਕ, ਸੁਭਾਸ਼ ਚੌਂਕ, ਜੇਲ੍ਹ ਚੌਂਕ, ਇਫ਼ਕੋ ਚੌਂਕ, ਹੀਰੋ ਹੋਂਡਾ ਚੌਂਕ, ਐੱਨ.ਐੱਚ.-48, ਸ਼ੰਕਰ ਚੌਂਕ, ਖੇੜਕੀਦੌਲਾ ਟੋਲ ਅਤੇ ਸੋਹਨਾ ਰੋਡ ਸਮੇਤ ਕਈ ਇਲਾਕਿਆਂ ਵਿੱਚ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ। ਕੁਝ ਥਾਵਾਂ ‘ਤੇ ਕਾਰਾਂ ਪਾਣੀ ਵਿੱਚ ਤੈਰਦੀਆਂ ਵੀ ਦਿਖਾਈ ਦਿੱਤੀਆਂ। ਰਾਜੀਵ ਚੌਂਕ ‘ਤੇ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹੀ। 

ਇਸ ਜਾਮ ਵਿੱਚ ਸਕੂਲੀ ਬੱਸਾਂ ਅਤੇ ਐਂਬੂਲੈਂਸਾਂ ਵੀ ਫਸੀਆਂ ਰਹੀਆਂ। ਇਸ ਤੋਂ ਇਲਾਵਾ ਮ੍ਰਿਤਕ ਦੇਹ ਲੈ ਕੇ ਜਾ ਰਿਹਾ ਮੱਧ ਪ੍ਰਦੇਸ਼ ਦਾ ਇੱਕ ਪਰਿਵਾਰ ਵੀ ਜਾਮ ਵਿੱਚ ਫਸ ਗਿਆ। ਹਾਲਾਤ ਨੂੰ ਦੇਖਦਿਆਂ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ 25 ਅਗਸਤ ਲਈ ਪ੍ਰਾਈਵੇਟ ਕੰਪਨੀਆਂ ਨੂੰ ‘ਵਰਕ ਫ੍ਰੌਮ ਹੋਮ’ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਇਹ ਸਲਾਹ ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਕੂਲਾਂ ਵਿੱਚ 25 ਅਗਸਤ ਨੂੰ ਆਨਲਾਈਨ ਕਲਾਸਾਂ ਲਗਾਉਣ ਦੀ ਵਿਵਸਥਾ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਪਾਣੀ ਭਰਨ ਕਾਰਨ ਮੁੜ ਭਾਰੀ ਟ੍ਰੈਫ਼ਿਕ ਜਾਮ ਲੱਗਣ ਦੀ ਸੰਭਾਵਨਾ ਨੂੰ ਵੀ ਐਡਵਾਈਜ਼ਰੀ ਜਾਰੀ ਕਰਨ ਦਾ ਇੱਕ ਮੁੱਖ ਕਾਰਨ ਦੱਸਿਆ ਹੈ।