ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, 20 ਜ਼ਖ਼ਮੀ, ਕਈਆਂ ਦੀ ਹਾਲਤ ਨਾਜ਼ੁਕ

ਜੰਮੂ-ਕਸ਼ਮੀਰ ‘ਚ ਦਰਦਨਾਕ ਹਾਦਸਾ, 20 ਜ਼ਖ਼ਮੀ, ਕਈਆਂ ਦੀ ਹਾਲਤ ਨਾਜ਼ੁਕ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਦੇ ਮੁਤਾਬਕ, ਇਹ ਹਾਦਸਾ ਸਵੇਰੇ ਕਰੀਬ 10 ਵਜੇ ਰਾਮਨਗਰ ਖੇਤਰ ਦੇ ਪਿੰਡ ਕਗੋਟ ਨੇੜੇ ਇੱਕ ਅੰਨ੍ਹੇ ਮੋੜ ‘ਤੇ ਵਾਪਰਿਆ, ਜਦੋਂ ਇੱਕ ਬੱਸ ਪਹਾੜੀ ਤੋਂ ਹੇਠਾਂ ਖੱਡ ਵਿੱਚ ਡਿੱਗ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਉਨ੍ਹਾਂ ਨੇ ਮਲਬੇ ਵਿੱਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਇਸ ਤੋਂ ਬਾਅਦ ਪੁਲੀਸ ਅਤੇ ਹੋਰ ਐਮਰਜੈਂਸੀ ਸੇਵਾਵਾਂ ਵੀ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਅਭਿਆਨ ਵਿੱਚ ਸ਼ਾਮਲ ਹੋਈਆਂ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਮਲਬੇ ਵਿੱਚੋਂ ਕੁੱਲ 15 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ 20 ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਬੱਸ ਇੱਕ ਦੂਰ-ਦੁਰਾਡੇ ਪਿੰਡ ਤੋਂ ਊਧਮਪੁਰ ਵੱਲ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਇਸ ਦਰਮਿਆਨ, ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਹਾਦਸੇ ਦੇ ਤੁਰੰਤ ਬਾਅਦ ਊਧਮਪੁਰ ਦੇ ਡਿਪਟੀ ਕਮਿਸ਼ਨਰ ਮਿੰਗਾ ਸ਼ੇਰਪਾ ਨਾਲ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਗੰਭੀਰ ਜ਼ਖ਼ਮੀਆਂ ਨੂੰ ਏਅਰਲਿਫਟ ਕਰਨ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਕਾਰਜ ਵਿੱਚ ਜੁਟੀ ਭਾਜਪਾ ਦੀ ਸਥਾਨਕ ਵਰਕਰ ਟੀਮ ਨਾਲ ਲਗਾਤਾਰ ਸੰਪਰਕ ਵਿੱਚ ਹਨ, ਤਾਂ ਜੋ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਰਹੇ।