ਮੈਸਾਚੂਸੈਟਸ ਕੋਲ ਲਾਪਤਾ ਹੋਈ ਇਤਿਹਾਸਕ ਕਿਸ਼ਤੀ ‘ਲਿੱਲੀ ਜ਼ੀਨ’, 7 ਲੋਕਾਂ ਦੀ ਖੋਜ ਜਾਰੀ
- ਵਿਦੇਸ਼
- (Asia/Kolkata)
ਮੈਸਾਚੂਸੈਟਸ ਰਾਜ ਦੇ ਤਟ ਤੋਂ ਲਗਭਗ 25 ਮੀਲ ਦੂਰ ਐਟਲਾਂਟਿਕ ਮਹਾਂਸਾਗਰ ਵਿੱਚ ਮੱਛੀ ਫੜਨ ਵਾਲੀ ਪ੍ਰਸਿੱਧ ਇਤਿਹਾਸਕ ਕਿਸ਼ਤੀ ‘ਲਿੱਲੀ ਜ਼ੀਨ’ ਲਾਪਤਾ ਹੋ ਗਈ ਹੈ। ਇਸ 72 ਫੁੱਟ ਲੰਬੀ ਕਿਸ਼ਤੀ ‘ਤੇ ਸੱਤ ਲੋਕ ਸਵਾਰ ਸਨ। ਅਮਰੀਕੀ ਕੋਸਟ ਗਾਰਡ ਨੇ ਸ਼ੁੱਕਰਵਾਰ ਸਵੇਰੇ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ, ਜੋ ਸ਼ਾਮ ਤੱਕ ਜਾਰੀ ਰਹੀ। ਤਟ ਰੱਖਿਆ ਅਧਿਕਾਰੀਆਂ ਮੁਤਾਬਕ, ਸ਼ੁੱਕਰਵਾਰ ਸਵੇਰੇ ਕਰੀਬ 6:50 ਵਜੇ ਕੇਪ ਐਨ ਕੋਲੋਂ ਕਿਸ਼ਤੀ ਵਲੋਂ EPIRB ਐਲਰਟ ਮਿਲਿਆ। ਕਿਸ਼ਤੀ ਗਲੌਸਟਰ ਬੰਦਰਗਾਹ ਵਾਪਸ ਆ ਰਹੀ ਸੀ, ਜੋ ਅਮਰੀਕਾ ਦੇ ਸਭ ਤੋਂ ਪੁਰਾਣੇ ਮੱਛੀ ਫੜਨ ਵਾਲੇ ਬੰਦਰਗਾਹਾਂ ਵਿੱਚੋਂ ਇੱਕ ਹੈ। ਐਲਰਟ ਮਿਲਣ ਤੋਂ ਬਾਅਦ ਤਟ ਰੱਖਿਆ ਨੇ ਕਿਸ਼ਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਆਇਆ। ਖੋਜ ਮੁਹਿੰਮ ਵਿੱਚ ਹਾਕ ਹੈਲੀਕਾਪਟਰ, ਗਲੌਸਟਰ ਸਟੇਸ਼ਨ ਤੋਂ ਛੋਟੀਆਂ ਕਿਸ਼ਤੀਆਂ ਅਤੇ ਕਟਰ ‘ਥੰਡਰ ਬੇ’ ਸ਼ਾਮਲ ਹਨ। ਜਾਂਚਕਰਤਿਆਂ ਨੇ ਐਲਰਟ ਵਾਲੀ ਥਾਂ ਕੋਲ ਮਲਬਾ ਲੱਭਿਆ, ਜਿਸ ਵਿੱਚ ਇੱਕ ਲਾਸ਼ ਵੀ ਮਿਲੀ। ਇਸਦੇ ਨਾਲ-ਨਾਲ ਇੱਕ ਖਾਲੀ ਲਾਈਫ ਰਾਫਟ ਵੀ ਵੇਖਿਆ ਗਿਆ, ਪਰ ਉਸ ‘ਤੇ ਕੋਈ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਸਮੁੰਦਰ ਦੇ ਹਾਲਾਤ ਮੁਸ਼ਕਲ ਹਨ, ਪਰ ਬਚਾਅ ਟੀਮ ਪੂਰੀ ਕੋਸ਼ਿਸ਼ ਕਰ ਰਹੀ ਹੈ। ਖੋਜ ਕਾਰਵਾਈ ਜਾਰੀ ਹੈ ਅਤੇ ਕੋਸਟ ਗਾਰਡ ਦਾ ਧਿਆਨ ਸਾਰੇ ਲਾਪਤਾ ਲੋਕਾਂ ਨੂੰ ਸੁਰੱਖਿਅਤ ਬਚਾਉਣ ‘ਤੇ ਕੇਂਦਰਿਤ ਹੈ।
Leave a Reply